ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 31 ਮਾਰਚ
ਇੱਥੇ ਅੱਜ ਕਿਰਾਏਦਾਰ ਤੋਂ ਪ੍ਰੇਸ਼ਾਨ ਹੋ ਕੇ ਇਕ ਵਪਾਰੀ ਨੇ ਫਾਹਾ ਲੈ ਕੇ ਆਪਣੀ ਜਾਨ ਦੇ ਦਿੱਤੀ। ਘਟਨਾ ਦਾ ਪਤਾ ਉਸ ਵੇਲੇ ਲੱਗਿਆ, ਜਦੋਂ ਸਵੇਰੇ ਉਸ ਨੂੰ ਸੱਦਣ ਲਈ ਪਰਿਵਾਰ ਵਾਲੇ ਗਏ ਤਾਂ ਅੰਦਰ ਉਸ ਦੀ ਲਾਸ਼ ਲਟਕਦੀ ਦੇਖੀ। ਸੂਚਨਾ ਮਿਲਦੇ ਹੀ ਥਾਣਾ ਡਿਵੀਜ਼ਨ ਨੰਬਰ 6 ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਮ੍ਰਿਤਕ ਦੀ ਪਛਾਣ ਜਸਵਿੰਦਰ ਸਿੰਘ ਧਾਮੀ ਦੇ ਰੂਪ ’ਚ ਹੋਈ ਹੈ। ਪੁਲੀਸ ਨੇ ਜਾਂਚ ਕੀਤੀ ਤਾਂ ਇੱਕ ਖ਼ੁਦਕੁਸ਼ੀ ਨੋਟ ਮਿਲਿਆ, ਜਿਸ ’ਚ ਉਸ ਨੇ ਲਿਖਿਆ ਹੈ ਕਿ ਮੁਲਜ਼ਮ ਉਸ ਦੇ ਕਿਰਾਏਦਾਰ ਹਨ ਅਤੇ ਉਸ ਨੂੰ ਲਗਾਤਾਰ ਪ੍ਰੇਸ਼ਾਨ ਕਰ ਰਹੇ ਹਨ ਜਿਸ ਕਾਰਨ ਉਹ ਖੁਦਕੁਸ਼ੀ ਕਰ ਰਿਹਾ ਹੈ। ਪੁਲੀਸ ਨੇ ਇਸ ਮਾਮਲੇ ’ਚ ਪੱਖੋਵਾਲ ਰੋਡ ਸਥਿਤ ਕਨਾਲ ਐਵੇਨਿਊ ਦੇ ਵਸਨੀਕ ਗੁਰਮਿੰਦਰ ਸਿੰਘ ਦੀ ਸ਼ਿਕਾਇਤ ’ਤੇ ਹਰਪ੍ਰੀਤ ਸਿੰਘ, ਪਰਮਵੀਰ ਸਿੰਘ, ਗੁਰਮੀਤ ਸਿੰਘ, ਰਾਕੇਸ਼ ਅਤੇ ਅਰਾਮੀ ਬਵੇਜਾ ਖਿਲਾਫ਼ ਖੁਦਕੁਸ਼ੀ ਲਈ ਮਜਬੂਰ ਕਰਨ ਦਾ ਕੇਸ ਦਰਜ ਕਰ ਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਥਾਣਾ ਡਿਵੀਜ਼ਨ ਨੰਬਰ 6 ਦੇ ਐੱਸ.ਐੱਚ.ਓ. ਇੰਸਪੈਕਟਰ ਰੋਹਿਤ ਸ਼ਰਮਾ ਨੇ ਦੱਸਿਆ ਕਿ ਜਸਵਿੰਦਰ ਸਿੰਘ ਧਾਮੀ ਦਾ ਦੁਕਾਨ ਕੋਲ ਹੀ ਘਰ ਹੈ। ਉਸ ਨੇ ਮੁਲਜ਼ਮਾਂ ਨੂੰ ਦੁਕਾਨ ਕਿਰਾਏ ’ਤੇ ਦਿੱਤੀ ਹੋਈ ਸੀ। ਜਸਵਿੰਦਰ ਸਿੰਘ ਦਾ ਮੁਲਜ਼ਮਾਂ ਨਾਲ ਵਿਵਾਦ ਚੱਲ ਰਿਹਾ ਸੀ। ਮੁਲਜ਼ਮ ਲਗਾਤਾਰ ਉਸ ਨੂੰ ਪ੍ਰੇਸ਼ਾਨ ਕਰ ਰਹੇ ਸਨ ਅਤੇ ਉਸ ਨੂੰ ਧਮਕੀਆਂ ਦੇ ਰਹੇ ਸਨ। ਮੁਲਜ਼ਮਾਂ ਨੇ ਕੁਝ ਦਿਨ ਪਹਿਲਾਂ ਉਸ ਨੂੰ ਧਮਕੀਆਂ ਦਿੱਤੀਆਂ ਸਨ ਤੇ ਉਸ ਕੋਲੋਂ ਜਬਰੀ ਇੱਕ ਫਾਰਮ ’ਤੇ ਸਾਈਨ ਕਰਵਾਏ ਸਨ। ਇਸ ਤੋਂ ਪ੍ਰੇਸ਼ਾਨ ਹੋ ਕੇ ਜਸਵਿੰਦਰ ਸਿੰਘ ਨੇ ਖੁਦਕੁਸ਼ੀ ਕਰ ਲਈ। ਜਸਵਿੰਦਰ ਦੇ ਖੁਦਕੁਸ਼ੀ ਕਰਨ ਦੀ ਸੂਚਨਾ ਮਿਲਦੇ ਹੀ ਲੋਕ ਇਨਸਾਫ਼ ਪਾਰਟੀ ਦੇ ਮੁਖੀ ਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਵੀ ਉੱਥੇ ਪੁੱਜ ਗਏ। ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਮੁਲਜ਼ਮ, ਆਮ ਆਦਮੀ ਪਾਰਟੀ ਦੇ ਵਰਕਰ ਹਨ ਅਤੇ ਸੱਤਾਧਾਰੀ ਪਾਰਟੀ ਦੇ ਵਰਕਰ ਸੱਤਾ ਦੇ ਨਸ਼ੇ ’ਚ ਆ ਕੇ ਹੁਣ ਤੋਂ ਹੀ ਅਜਿਹੀਆਂ ਹਰਕਤਾਂ ’ਤੇ ਉਤਰ ਆਏ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਮੁਲਜ਼ਮ ਗ੍ਰਿਫ਼ਤਾਰ ਨਹੀਂ ਹੋਣਗੇ, ਉਦੋਂ ਤੱਕ ਅੰਤਿਮ ਸਸਕਾਰ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੁਲੀਸ ਨੂੰ ਵੀ ਇਸ ਬਾਰੇ ਬੋਲ ਦਿੱਤਾ ਗਿਆ ਹੈ।