ਸਤਵਿੰਦਰ ਬਸਰਾ
ਲੁਧਿਆਣਾ, 5 ਜੁਲਾਈ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦੁਪਹਿਰ ਬਾਅਦ 10ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਗਿਆ। ਜ਼ਿਲ੍ਹੇ ਦੇ 41,491 ਵਿਦਿਆਰਥੀਆਂ ਨੇ 10ਵੀਂ ਦੀ ਪ੍ਰੀਖਿਆ ਦਿੱਤੀ ਸੀ ਜਿਨ੍ਹਾਂ ਵਿੱਚੋਂ 40,989 ਵਿਦਿਆਰਥੀ ਪਾਸ ਹੋਏ ਜੋ 98.79 ਫ਼ੀਸਦੀ ਬਣਦੇ ਹਨ। ਇਸ ਨਤੀਜੇ ਸਬੰਧੀ ਬੋਰਡ ਵੱਲੋਂ 312 ਵਿਦਿਆਰਥੀਆਂ ਦੀ ਜਾਰੀ ਮੈਰਿਟ ਸੂਚੀ ਵਿੱਚ ਲੁਧਿਆਣਾ ਜ਼ਿਲ੍ਹੇ ਦੇ 48 ਵਿਦਿਆਰਥੀਆਂ ਨੇ ਆਪਣੀ ਥਾਂ ਬਣਾਈ ਹੈ। ਸਥਾਨਕ ਬੀਸੀਐੱਮ ਸਕੂਲ ਫੋਕਲ ਪੁਆਇੰਟ ਦੀ ਆਂਚਲ ਜਿੰਦਲ ਨੇ 98.77 ਫੀਸਦੀ ਅੰਕਾਂ ਨਾਲ ਮੈਰਿਟ ਸੂਚੀ ਵਿੱਚ ਦੂਜਾ ਰੈਂਕ ਜਦਕਿ ਜ਼ਿਲ੍ਹੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ।
ਇਸੇ ਤਰ੍ਹਾਂ ਲੁਧਿਆਣਾ ਦੇ ਮੂਨ ਲਾਈਟ ਸਕੂਲ ਦੀ ਸਹਿਜਪ੍ਰੀਤ ਕੌਰ ਵੀ 98.77 ਫੀਸਦੀ ਅੰਕਾਂ ਨਾਲ ਮੈਰਿਟ ਸੂਚੀ ਵਿੱਚ ਦੂਜਾ ਰੈਂਕ ਪ੍ਰਾਪਤ ਕਰਨ ਵਿੱਚ ਸਫ਼ਲ ਰਹੀ। ਦੂਜੇ ਪਾਸੇ 10ਵੀਂ ਦਾ ਨਤੀਜਾ ਆਉਂਦਿਆਂ ਹੀ ਸਕੂਲਾਂ ਵਿੱਚ ਰੌਣਕਾਂ ਲੱਗ ਗਈਆਂ ਅਤੇ ਕਈ ਸਕੂਲਾਂ ਵਿੱਚ ਵਿਦਿਆਰਥੀਆਂ ਨੇ ਖੁਸ਼ੀ ਵਿੱਚ ਭੰਗੜੇ ਪਾਏ ਅਤੇ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾਇਆ।
ਬੋਰਡ ਵੱਲੋਂ ਜਾਰੀ ਕੀਤੀ ਮੈਰਿਟ ਸੂਚੀ ਅਨੁਸਾਰ ਪਹਿਲੇ 10 ਰੈਂਕਾਂ ਵਿੱਚ ਲੁਧਿਆਣਾ ਜ਼ਿਲ੍ਹੇ ਦੇ 25 ਵਿਦਿਆਰਥੀਆਂ ਦੇ ਨਾਂ ਸ਼ਾਮਲ ਹਨ। ਮੈਰਿਟ ਸੂਚੀ ਵਿੱਚ 650 ਵਿੱਚੋਂ 642 ਅੰਕ ਲੈ ਕੇ ਸੂਬੇ ਵਿੱਚੋਂ ਦੂਜਾ ਰੈਂਕ ਪ੍ਰਾਪਤ ਕਰਨ ਵਾਲੀ ਅਮਿਤ ਜਿੰਦਲ ਦੀ ਧੀ ਆਂਚਲ ਜਿੰਦਲ ਮੈਡੀਕਲ ਦੀ ਪੜ੍ਹਾਈ ਕਰ ਕੇ ਡਾਕਟਰ ਬਣਨਾ ਚਾਹੁੰਦੀ ਹੈ। ਉਸ ਨੇ ਆਪਣੀ ਇਸ ਪ੍ਰਾਪਤੀ ਦਾ ਸਿਹਰਾ ਪਰਿਵਾਰਕ ਮੈਂਬਰਾਂ ਅਤੇ ਅਧਿਆਪਕਾਂ ਦੇ ਸਿਰ ਬੰਨਿ੍ਹਆ ਹੈ। ਉਹ ਰੋਜ਼ਾਨਾ 5 ਤੋਂ 6 ਘੰਟੇ ਪੜ੍ਹਾਈ ਕਰਦੀ ਸੀ ਅਤੇ ਉਸ ਨੂੰ ਪੂਰਾ ਯਕੀਨ ਸੀ ਕਿ ਉਸ ਦਾ ਕੋਈ ਨਾ ਕੋਈ ਰੈਂਕ ਜ਼ਰੂਰ ਆਵੇਗਾ।
ਇਸੇ ਤਰ੍ਹਾਂ ਮੂਨ ਲਾਈਟ ਸਕੂਲ ਦੀ ਸਹਿਜਪ੍ਰੀਤ ਨੇ ਵੀ 650 ਵਿੱਚੋਂ 642 ਅੰਕਾਂ ਨਾਲ ਸੂਬੇ ਵਿੱਚੋਂ ਦੂਜਾ ਰੈਂਕ ਪ੍ਰਾਪਤ ਕੀਤਾ। ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸਕੂਲ ਦੀ ਵਿਦਿਆਰਥਣ ਗੁਰਲੀਨ ਕੌਰ ਨੇ 98.62 ਫੀਸਦੀ ਅੰਕਾਂ ਨਾਲ ਮੈਰਿਟ ਸੂਚੀ ਵਿੱਚ ਤੀਜਾ ਰੈਂਕ ਪ੍ਰਾਪਤ ਕੀਤਾ। ਉਸ ਦੇ ਪਿਤਾ ਗੁਰਬਿੰਦਰ ਸਿੰਘ ਇੱਕ ਫੈਕਟਰੀ ’ਚ ਕੰਮ ਕਰਦੇ ਹਨ ਜਦਕਿ ਮਾਂ ਸੰਦੀਪ ਕੌਰ ਘਰੇਲੂ ਔਰਤ ਹੈ। ਗੁਰਲੀਨ ਕਾਮਰਸ ਦੀ ਪੜ੍ਹਾਈ ਕਰ ਕੇ ਸੀਏ ਬਣਨਾ ਚਾਹੁੰਦੀ ਹੈ। ਉਸ ਨੇ ਕਿਹਾ ਕਿ ਉਹ ਕਦੇ ਸਮਾਂ ਦੇਖ ਕੇ ਪੜ੍ਹਾਈ ਨਹੀਂ ਕਰਦੀ ਸੀ। ਉਮੀਦ ਜ਼ਿਆਦਾ ਸੀ, ਪਰ ਉਹ ਆਪਣੀ ਪ੍ਰਾਪਤੀ ’ਤੇ ਸੰਤੁਸ਼ਟ ਹੈ। ਇਸੇ ਤਰ੍ਹਾਂ ਆਰ ਐੱਸ ਮਾਡਲ ਸਕੂਲ ਦੀ ਸਬਰੀਨ ਪ੍ਰਵੀਨ ਨੇ ਵੀ ਮੈਰਿਟ ਸੂਚੀ ਵਿੱਚ 98.62 ਫੀਸਦੀ ਅੰਕਾਂ ਨਾਲ ਤੀਜਾ ਰੈਂਕ ਪ੍ਰਾਪਤ ਕੀਤਾ ਹੈ।
ਇਨ੍ਹਾਂ ਤੋਂ ਇਲਾਵਾ ਤੇਜਾ ਸਿੰਘ ਸੁਤੰਤਰ ਸਕੂਲ ਦੀ ਸਨੇਹਾ ਯਾਦਵ, ਸੁਨੇਹਾ ਵਰਮਾ ਅਤੇ ਮਾਤਾ ਮੋਹਨਦਈ ਓਸਵਾਲ ਦੇ ਵਿਦਿਆਰਥੀ ਅਨੁਜ ਸਿੰਗਲਾ ਨੇ ਸਾਂਝੇ ਤੌਰ ’ਤੇ 98.46 ਫੀਸਦੀ ਅੰਕ ਨਾਲ ਮੈਰਿਟ ਸੂਚੀ ਵਿੱਚ ਚੌਥਾ ਰੈਂਕ ਪ੍ਰਾਪਤ ਕੀਤਾ ਹੈ। ਸਨੇਹਾ ਯਾਦਵ ਵੀ ਡਾਕਟਰੀ ਦੀ ਪੜ੍ਹਾਈ ਕਰ ਕੇ ਲੋਕਾਂ ਦੀ ਸੇਵਾ ਕਰਨੀ ਚਾਹੁੰਦੀ ਹੈ। ਉਸ ਦੇ ਪਿਤਾ ਸੰਤ ਲਾਲ ਟੈਂਟ ਦਾ ਕੰਮ ਕਰਦੇ ਹਨ। ਮੈਰਿਟ ਸੂਚੀ ਵਿੱਚ ਆਏ ਜ਼ਿਲ੍ਹੇ ਦੇ 48 ਵਿਦਿਆਰਥੀਆਂ ਵਿੱਚੋਂ ਸਭ ਤੋਂ ਵੱਧ 14 ਵਿਦਿਆਰਥੀ ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸਕੂਲ, 8 ਵਿਦਿਆਰਥੀ ਬੀਸੀਐੱਮ ਸਕੂਲ ਫੋਕਲ ਪੁਆਇੰਟ ਅਤੇ 4 ਵਿਦਿਆਰਥੀ ਆਰ ਐੱਸ ਮਾਡਲ ਸਕੂਲ ਦੇ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਤਿੰਨ ਵਿਦਿਆਰਥੀ ਸਰਕਾਰੀ ਸਕੂਲਾਂ ਦੇ ਹਨ ਜਿਨ੍ਹਾਂ ’ਚ ਗੁਰਜੋਤ ਕੌਰ ਨੇ ਮੈਰਿਟ ਸੂਚੀ ਵਿੱਚ 7ਵਾਂ ਰੈਂਕ, ਨਵਪ੍ਰੀਤ ਕੌਰ ਨੇ 8ਵਾਂ ਰੈਂਕ ਅਤੇ ਹਰਜੋਤ ਸਿੰਘ ਨੇ ਮੈਰਿਟ ਸੂਚੀ ਵਿੱਚ 11ਵਾਂ ਰੈਂਕ ਪ੍ਰਾਪਤ ਕੀਤਾ ਹੈ।