ਗਗਨਦੀਪ ਅਰੋੜਾ
ਲੁਧਿਆਣਾ, 29 ਦਸੰਬਰ
ਲੁਧਿਆਣਾ ਦੇ ਚੰਡੀਗੜ੍ਹ ਰੋਡ ਸਥਿਤ ਮੁੰਡੀਆਂ ਕੋਲ ਬੁੱਧਵਾਰ ਦੁਪਹਿਰੇ ਸੱਤ ਮੰਜ਼ਿਲਾ ਕੱਪੜਾ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਧਾਰ ਲਿਆ ਤੇ ਅੱਗ ਦਾ ਕਾਲਾ ਧੂੰਆਂ 5 ਕਿੱਲੋਮੀਟਰ ਦੂਰ ਤੋਂ ਵੀ ਨਜ਼ਰ ਆ ਰਿਹਾ ਸੀ। ਇਸ ਨਾਲ ਇਲਾਕੇ ਦੇ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਹੋਈ। ਆਸ-ਪਾਸ ਦੇ ਲੋਕਾਂ ਨੇ ਫੈਕਟਰੀਆਂ ਖਾਲੀ ਕਰ ਦਿੱਤੀਆਂ, ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਖਾਲੀ ਕਰ ਦਿੱਤੀਆਂ। ਸੂਚਨਾ ਮਿਲਣ ਤੋਂ ਬਾਅਦ ਅੱਗ ਬੁਝਾਊ ਅਮਲੇ ਦੀਆਂ ਗੱਡੀਆਂ ਮੌਕੇ ’ਤੇ ਪੁੱਜ ਗਈਆਂ। ਇਸ ਦੌਰਾਨ ਸਾਰੇ ਸਟੇਸ਼ਨਾਂ ਤੋਂ ਗੱਡੀਆਂ ਮੰਗਵਾਈਆਂ ਗਈਆਂ। ਤਿੰਨ ਵਜੇ ਲੱਗੀ ਅੱਗ ’ਤੇ ਰਾਤ 8 ਵਜੇ ਤੱਕ ਕਾਬੂ ਨਹੀਂ ਪੈ ਸਕਿਆ ਸੀ। ਚਾਰ ਘੰਟੇ ’ਚ ਕਰੀਬ 100 ਤੋਂ ਵੱਧ ਗੱਡੀਆਂ ਦਾ ਪਾਣੀ ਅੱਗ ’ਤੇ ਪਾਇਆ ਜਾ ਚੁੱਕਿਆ ਸੀ ਪਰ ਅੱਗ ਫਿਰ ਵੀ ਨਹੀਂ ਬੁੱਝ ਸਕੀ। ਅੱਗ ਲੱਗਣ ਦੇ ਕਾਰਨ ਦਾ ਹਾਲੇ ਪਤਾ ਨਹੀਂ ਲੱਗ ਸਕਿਆ। ਦੱਸਿਆ ਜਾ ਰਿਹਾ ਹੈ ਕਿ ਅੱਗ ਲੱਗਣ ਨਾਲ ਫੈਕਟਰੀ ’ਚ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਪੁਲੀਸ ਅਤੇ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ ’ਤੇ ਪੁੱਜੇ ਹੋਏ ਹਨ। ਪ੍ਰਸਾਸ਼ਨਿਕ ਅਧਿਕਾਰੀਆਂ ਦੇ ਵੱਲੋਂ ਆਸਪਾਸ ਦੀਆਂ ਬਿਲਡਿੰਗਾਂ ਨੂੰ ਵੀ ਖਾਲੀ ਕਰਵਾਇਆ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਜਵੰਦਸੰਨ ਫੈਕਟਰੀ ’ਚ ਕੱਪੜਾ ਬਣਦਾ ਹੈ ਤੇ ਐਕਸਪੋਰਟ ਦਾ ਵਪਾਰ ਹੁੰਦਾ ਹੈ। ਦੁਪਹਿਰ ਕਰੀਬ ਤਿੰਨ ਵਜੇ ਬਿਲਡਿੰਗ ਦੀ ਸੱਤਵੀਂ ਮੰਜ਼ਿਲ ਤੋਂ ਧੂੰਆਂ ਨਿਕਲਣ ਲੱਗਿਆ। ਜਿਸ ਤੋਂ ਬਾਅਦ ਮੁਲਾਜ਼ਮਾਂ ਨੇ ਬਿਲਡਿੰਗ ਤੋਂ ਬਾਹਰ ਆ ਕੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਦੱਸਿਆ ਜਾ ਰਿਹਾ ਹੈ ਕਿ ਇਸ ਮੰਜ਼ਿਲ ’ਤੇ ਕੰਪਨੀ ਵੱਲੋਂ ਤਿਆਰ ਕੀਤਾ ਗਿਆ ਕੱਪੜਾ ਤੇ ਹੋਰ ਸਾਮਾਨ ਰੱਖਿਆ ਜਾਂਦਾ ਸੀ, ਜਿਸ ਕਾਰਨ ਅੱਗ ਇੱਕ ਦਮ ਵੱਧ ਗਈ। ਫੈਕਟਰੀ ’ਚੋਂ ਧੂੰਏ ਦਾ ਗੁਬਾਰ ਤੇ ਅੱਗ ਦੀਆਂ ਲਪਟਾਂ ਦੂਰ ਦੂਰ ਤੱਕ ਦਿਖਾਈ ਦੇ ਰਹੀਆਂ ਸਨ। 7 ਮੰਜ਼ਿਲਾਂ ਇਮਾਰਤ ਦੀ ਉਪਰੀ ਮੰਜ਼ਿਲ ’ਤੇ ਅੱਗ ਲੱਗੀ ਸੀ। ਫਾਇਰ ਅਧਿਕਾਰੀ ਮਨਿੰਦਰ ਸਿੰਘ ਨੇ ਦੱਸਿਆ ਕਿ ਕਰੀਬ 100 ਗੱਡੀਆਂ ਪਾਣੀ ਪਾਇਆ ਜਾ ਚੁੱਕਿਆ ਹੈ, ਪਰ ਅੱਗ ਹਾਲੇ ਵੀ ਨਹੀਂ ਬੁੱਝ ਸਕੀ। ਅੰਦਰ ਕਾਫ਼ੀ ਮਾਤਰਾ ’ਚ ਧਾਗਾ ਪਿਆ ਹੋਇਆ ਹੈ, ਜਿਸ ਕਾਰਨ ਅੱਗ ’ਤੇ ਕਾਬੂ ਪਾਉਣ ’ਚ ਪ੍ਰੇਸ਼ਾਨੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਅੱਗ ਉਪਰ ਵਾਲੀ ਮੰਜ਼ਿਲ ਤੋਂ ਥੱਲੇ ਵੱਲ ਆਈ ਹੈ। ਆਸਪਾਸ ਦੇ ਇਲਾਕੇ ਨੂੰ ਵੀ ਖਾਲੀ ਕਰਵਾਇਆ ਗਿਆ ਹੈ। ਮਨਿੰਦਰ ਸਿੰਘ ਨੇ ਕਿਹਾ ਕਿ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਅੱਗ ਉਤੇ ਕਾਬੂ ਪਾ ਲਿਆ ਜਾਵੇਗਾ।