ਜੋਗਿੰਦਰ ਸਿੰਘ ਓਬਰਾਏ
ਖੰਨਾ, 17 ਨਵੰਬਰ
ਨਗਰ ਕੌਂਸਲ ਖੰਨਾ ਤੇ ਸਵੱਛ ਭਾਰਤ ਮਿਸ਼ਨ ਟੀਮ ਵੱਲੋਂ ਆਰੰਭੀ ‘ਸਵੱਛ ਭਾਰਤ ਮੁਹਿੰਮ’ ਤੇ ‘ਸਵੱਛਤਾ ਸਰਵੇਖਣ-2021’ ਦੀਆਂ ਉਸ ਵੇਲੇ ਧੱਜੀਆਂ ਉੱਡੀਆਂ, ਜਦੋਂ ਥਾਣਾ ਸਿਟੀ ਖੰਨਾ-2 ਦੇ ਪਿੱਛੇ ਮੀਟ ਮਾਰਕੀਟ ਨੇੜੇ ਕੌਂਸਲ ਵੱਲੋਂ ਬਣਾਏ ਡੰਪ ਨੂੰ ਲੱਗੇ ਜਿੰਦਰੇ ਤੋਂ ਬਾਅਦ ਬਾਹਰ ਹੀ ਪਈ ਗੰਦਗੀ ਦੀਆਂ ਤਸਵੀਰਾਂ ਸਾਹਮਣੇ ਆਈਆਂ। ਇਸ ਦੌਰਾਨ ਜਿੱਥੇ ਨਜ਼ਦੀਕ ਪੈਂਦੇ ਗੁਰਦੁਆਰਾ ਬਾਬਾ ਬਚਿੱਤਰ ਸਿੰਘ ਵਿੱਚ ਆਉਣ-ਜਾਣ ਵਾਲੇ ਸ਼ਰਧਾਲੂਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉਥੇ ਹੀ ਥਾਣੇ ਦੇ ਸਟਾਫ ਤੋਂ ਇਲਾਵਾ ਨਜ਼ਦੀਕ ਪੈਂਦੇ ਸਕੂਲ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਵੀ ਚਿੰਤਾ ਵਾਲੀ ਗੱਲ ਹੈ। ਲੋਕਾਂ ਦਾ ਕਹਿਣਾ ਹੈ ਕੌਂਸਲ ਵੱਲੋਂ ਬਣਾਇਆ ਉਕਤ ਡੰਪ ਨਾਮ ਦਾ ਹੀ ਡੰਪ ਹੈ ਕਿਉਂਕਿ ਉਸ ਨੂੰ ਹਰ ਵੇਲੇ ਜਿੰਦਰਾ ਲੱਗਿਆ ਰਹਿੰਦਾ ਹੈ ਅਤੇ ਮੁਹੱਲਿਆਂ ਵਿਚ ਕੂੜਾ ਇਕੱਠਾ ਕਰਨ ਵਾਲੀਆਂ ਰੇਹੜੀਆਂ ਵਾਲੇ ਬਾਹਰ ਹੀ ਕੂੜਾ ਸੁੱਟ ਕੇ ਚੱਲਦੇ ਬਣਦੇ ਹਨ, ਜਿਸ ਨੂੰ ਆਵਾਰਾ ਪਸ਼ੂ ਸੜਕ ‘ਤੇ ਖਿਲਾਰ ਦਿੰਦੇ ਹਨ ਅਤੇ ਦੂਰ ਦੂਰ ਤੱਕ ਗੰਦਗੀ ਦੀ ਬਦਬੂ ਫੈਲੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕੌਂਸਲ ਅਧਿਕਾਰੀਆਂ ਨੂੰ ਕਈ ਵਾਰ ਸਫ਼ਾਈ ਕਰਵਾਉਣ ਸਬੰਧੀ ਲਿਖਤੀ ਬੇਨਤੀਆਂ ਕਰ ਚੁੱਕੇ ਹਾਂ ਪਰ ਕੋਈ ਉਚਿਤ ਹੱਲ ਨਹੀਂ ਹੋ ਸਕਿਆ।
ਇਸ ਸਬੰਧੀ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਚਰਨਜੀਤ ਸਿੰਘ ਉੱਭੀ ਨੇ ਕਿਹਾ ਕਿ ਤਿਉਹਾਰਾਂ ਕਰਕੇ ਛੁੱਟੀਆਂ ਹੋਣ ਕਾਰਨ ਕੂੜਾ ਇੱਕਠਾ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਕਰਮਚਾਰੀਆਂ ਨੂੰ ਹਿਦਾਇਤ ਕੀਤੀ ਹੈ ਅਤੇ ਇਲਾਕੇ ਵਿਚੋਂ ਸਫਾਈ ਕਰਵਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਰੋਜ਼ਾਨਾ ਇਹ ਡੰਪ ਸਵੇਰ ਤੋਂ ਲੈ ਕੇ 11 ਵਜੇ ਤੱਕ ਖੁੱਲ੍ਹਾ ਰਹਿੰਦਾ ਹੈ, ਛੁੱਟੀਆਂ ਕਾਰਨ ਬੰਦ ਹੈ।