ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 26 ਜੁਲਾਈ
ਆੜ੍ਹਤੀ ਐਸੋਸੀਏਸ਼ਨ ਜਗਰਾਉਂ ਦੇ ਪ੍ਰਧਾਨ ਸਵਰਨਜੀਤ ਸਿੰਘ ਗਿੱਦੜਵਿੰਡੀ, ਪਰਮਜੀਤ ਸਿੰਘ ਪੰਮਾ ਤੇ ਪ੍ਰਲਾਹਦ ਸਿੰਗਲਾ ਨੇ ਪੰਜਾਬ ਸਰਕਾਰ ਵੱਲੋਂ ਮੂੰਗੀ ਖ਼ਰੀਦ ’ਤੇ ਦਿੱਤੇ ਜਾ ਰਹੇ ਮੁਆਵਜ਼ੇ ’ਚ ਪੰਦਰਾਂ ਦਿਨ ਦਾ ਹੋਰ ਵਾਧਾ ਮੰਗਿਆ ਹੈ। ਉਨ੍ਹਾਂ ਕਿਹਾ ਕਿ ਏਸ਼ੀਆ ਦੀ ਦੂਜੀ ਵੱਡੀ ਮੰਡੀ ਜਗਰਾਉਂ ਹੁਣ ਮੂੰਗੀ ਦੀ ਹੱਬ ਬਣ ਚੁੱਕੀ ਹੈ। ਇਥੇ ਹੋਰਨਾਂ ਜ਼ਿਲ੍ਹਿਆਂ ’ਚੋਂ ਵੀ ਵੱਡੇ ਪੱਧਰ ’ਤੇ ਮੂੰਗੀ ਦੀ ਆਮਦ ਹੁੰਦੀ ਹੈ। ਝੋਨੇ ਦੀ ਲੁਆਈ ਅਤੇ ਹੁਣ ਬਰਸਾਤਾਂ ਕਰਕੇ ਵੱਡੀ ਮਾਤਰਾ ’ਚ ਮੂੰਗੀ ਦੀ ਖ਼ਰੀਦ ਬਾਕੀ ਹੈ। ਜੇਕਰ ਸਰਕਾਰੀ ਐਲਾਨ ਮੁਤਾਬਕ ਮੂੰਗੀ ’ਤੇ ਮੁਆਵਜ਼ਾ 31 ਜੁਲਾਈ ਨੂੰ ਖ਼ਤਮ ਹੋ ਜਾਂਦਾ ਹੈ ਤਾਂ ਬਹੁਤ ਸਾਰੇ ਕਿਸਾਨ ਇਸ ਤੋਂ ਵਾਂਝੇ ਰਹਿ ਜਾਣਗੇ ਤੇ ਉਨ੍ਹਾਂ ਨੂੰ ਮਾਲੀ ਨੁਕਸਾਨ ਝੱਲਣਾ ਪਵੇਗਾ। ਉਨ੍ਹਾਂ ਦੱਸਿਆ ਕਿ ਮੰਡੀ ’ਚ ਲਗਾਤਾਰ ਮੂੰਗੀ ਆ ਰਹੀ ਹੈ ਅਤੇ ਇਹ ਘੱਟੋ-ਘੱਟ ਦੋ ਹਫ਼ਤੇ ਇਸੇ ਤਰ੍ਹਾਂ ਜਾਰੀ ਰਹੇਗੀ। ਇਸ ਲਈ ਕਿਸਾਨਾਂ ਨੂੰ ਸਹੀ ਅਰਥਾਂ ’ਚ ਆਰਥਿਕ ਲਾਭ ਦੇਣ ਲਈ ਇਹ ਤਾਰੀਕ ਪੰਦਰਾਂ ਦਿਨ ਲਈ ਵਧਾਈ ਜਾਵੇ। ਅਜਿਹਾ ਨਾ ਹੋਣ ’ਤੇ ਕਿਸੇ ਵੀ ਕਾਰਨ ਮੂੰਗੀ ਦੇਰੀ ਨਾਲ ਲਿਆਉਣ ਵਾਲੇ ਕਿਸਾਨਾਂ ਨਾਲ ਕਾਣੀ ਵੰਡ ਵਾਲਾ ਹਿਸਾਬ ਹੋਵੇਗਾ ਤੇ ਉਹ ਮੁਆਵਜ਼ੇ ਦੀ ਰਾਸ਼ੀ ਤੋਂ ਵਾਂਝੇ ਰਹਿ ਜਾਣਗੇ।