ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 8 ਨਵੰਬਰ
ਥਾਣਾ ਡਿਵੀਜ਼ਨ ਨੰਬਰ 5 ਦੇ ਇਲਾਕੇ ਸੀਤਾ ਨਗਰ ਦੇ ਲੋਕਾਂ ਨੇ ਇਥੋਂ ਦੇ ਰਾਮ ਸਰੂਪ ਮੰਦਿਰ ਵਿੱਚ ਚੋਰੀ ਕਰਦੇ ਇੱਕ ਵਿਅਕਤੀ ਨੂੰ ਫੜ ਕੇ ਪੁਲੀਸ ਹਵਾਲੇ ਕੀਤਾ ਹੈ। ਇਸ ਸਬੰਧੀ ਰਾਮ ਨਰਾਇਨ ਵਾਸੀ ਸ਼ਾਮ ਨਗਰ ਨੇ ਦੱਸਿਆ ਕਿ ਉਹ ਮੰਦਿਰ ਦੀ ਦੇਖਭਾਲ ਕਰਦਾ ਹੈ। ਦੁਪਹਿਰ ਸਮੇਂ ਇੱਕ ਵਿਅਕਤੀ ਮੰਦਿਰ ਦੇ ਅੰਦਰ ਆਇਆ ਤੇ ਗਰਭ ਗ੍ਰਹਿ ’ਚ ਦਾਖ਼ਲ ਹੋ ਕੇ ਪੈਸੇ ਚੁੱਕਣ ਲੱਗ ਪਿਆ। ਇਹ ਵੇਖ ਕੇ ਰਾਮ ਨਰਾਇਣ ਨੇ ਤੁਰੰਤ ਅੰਦਰ ਜਾ ਕੇ ਉਸ ਨੇ ਮੁਲਜ਼ਮ ਨੂੰ ਫੜ ਲਿਆ ਤੇ ਆਲੇ-ਦੁਆਲੇ ਸਥਿਤ ਹੋਰਨਾਂ ਲੋਕਾਂ ਨੂੰ ਚੁਕੰਨਾ ਕਰਨ ਲਈ ਰੌਲਾ ਪਾਇਆ। ਇਕੱਠੇ ਹੋਏ ਲੋਕਾਂ ਨੇ ਮੁਲਜ਼ਮ ਨੂੰ ਫੜ ਕੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਇੱਕ ਪੇਚਕੱਸ ਤੇ ਕੁੱਝ ਵਿਜ਼ਿਟਿੰਗ ਕਾਰਡ ਮਿਲੇ ਹਨ। ਲੋਕਾਂ ਨੇ ਦੋਸ਼ ਲਾਇਆ ਕਿ ਉਕਤ ਵਿਅਕਤੀ ਨੇ ਗਲਤ ਇਰਾਦੇ ਨਾਲ ਮੰਦਿਰ ਦੇ ਗਰਭ ਗ੍ਰਹਿ ਅੰਦਰ ਦਾਖ਼ਲ ਹੋ ਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਅਤੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਥਾਣੇਦਾਰ ਅਮਰਜੀਤ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਹੈਦਰ ਹੁਸੈਨ ਵਾਸੀ ਪਿੰਡ ਸਡੀਲਾ ਜ਼ਿਲ੍ਹਾ ਹਰਦੋਈ (ਯੂਪੀ) ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।