ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 30 ਸਤੰਬਰ
ਜ਼ਿਲ੍ਹਾ ਲੁਧਿਆਣਾ ’ਚ 11 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਝੋਨੇ ਦੀ ਖਰੀਦ ਸੀਜ਼ਨ ਵਿੱਚ ਮੰਡੀਆਂ ਵਿੱਚੋਂ ਝੋਨੇ ਦਾ ਇੱਕ-ਇੱਕ ਦਾਣਾ ਚੁੱਕਣ ਦਾ ਦਾਅਵਾ ਕਰਦੇ ਹੋਏ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਸਾਰੀ ਪ੍ਰਕਿਰਿਆ ਨੂੰ ਨਿਰਵਿਘਨ ਅਤੇ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਜ਼ਿਲ੍ਹੇ ਦੀਆਂ ਖਰੀਦ ਏਜੰਸੀਆਂ ਦੇ ਮੁਖੀਆਂ ਨੂੰ ਨਿਰਦੇਸ਼ ਦਿੱਤੇ ਹਨ। ਸਥਾਨਕ ਬੱਚਤ ਭਵਨ ਵਿੱਚ ਮੀਟਿੰਗ ਦੌਰਾਨ ਜ਼ਿਲ੍ਹੇ ਵਿੱਚ ਸਾਉਣੀ ਸੀਜ਼ਨ 2021-22 ਲਈ ਝੋਨੇ ਦੀ ਖਰੀਦ ਦੀਆਂ ਤਿਆਰੀਆਂ ਦੀ ਸਮੀਖਿਆ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਲੁਧਿਆਣਾ ਵਿੱਚ ਤਕਰੀਬਨ 2.57 ਲੱਖ ਹੈਕਟੇਅਰ ਰਕਬੇ ਵਿੱਚ ਝੋਨੇ ਦੀ ਕਾਸ਼ਤ ਕੀਤੀ ਗਈ ਹੈ ਅਤੇ ਲਗਭਗ 17.53 ਲੱਖ ਮੀਟਰਿਕ ਟਨ ਝੋਨੇ ਦੀ ਆਮਦ ਹੋਣ ਦੀ ਉਮੀਦ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਖਰੀਦ ਸੀਜ਼ਨ ਦੌਰਾਨ ਜ਼ਿਲ੍ਹੇ ਵਿੱਚ 17.28 ਲੱਖ ਮੀਟਰਿਕ ਟਨ ਝੋਨੇ ਦੀ ਖਰੀਦ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਲੁਧਿਆਣਾ ਦੀਆਂ 108 ਨਿਯਮਤ ਅਨਾਜ ਮੰਡੀਆਂ ਤੋਂ ਇਲਾਵਾ, ਪ੍ਰਸ਼ਾਸਨ ਵੱਲੋਂ ਸੰਚਾਲਨ ਦੌਰਾਨ ਸਮਾਜਿਕ ਦੂਰੀ ਬਣਾਈ ਰੱਖਣ ਅਤੇ ਭੀੜ ਤੋਂ ਬਚਣ ਲਈ ਮਿੱਲਾਂ ਵਿੱਚ 94 ਅਸਥਾਈ ਯਾਰਡ ਅਤੇ 203 ਮੰਡੀ ਯਾਰਡ ਵੀ ਨਿਸ਼ਾਨਬੱਧ ਕੀਤੇ ਗਏ ਹਨ।