ਪੱਤਰ ਪ੍ਰੇਰਕ
ਪਾਇਲ, 27 ਅਗਸਤ
ਗੁਰਦੁਆਰਾ ਕਰਮਸਰ ਰਾੜਾ ਸਾਹਿਬ ਦੇ ਬਾਨੀ ਸੰਤ ਈਸ਼ਰ ਸਿੰਘ ਦੀ 47ਵੀਂ ਸਾਲਾਨਾ ਬਰਸੀ ਸਬੰਧੀ ਸਮਾਗਮ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਵਿਖੇ ਸੰਪ੍ਰਦਾਇ ਦੇ ਮੌਜੂਦਾ ਮੁਖੀ ਸੰਤ ਬਲਜਿੰਦਰ ਸਿੰਘ ਦੀ ਦੇਖ-ਰੇਖ ਹੇਠ ਸਮਾਪਤ ਹੋਏ। ਅੰਮ੍ਰਿਤ ਵੇਲੇ ਆਖੰਡ ਪਾਠ ਦੇ ਭੋਗ ਪਾਏ ਗਏ ਅਤੇ 78 ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ ਗਿਆ। ਅੱਜ ਇੱਥੇ ਵਿਸ਼ੇਸ਼ ਤੌਰ ’ਤੇ ਪੁੱਜੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜਿਹੜੇ ਪ੍ਰਾਣੀ ਗੁਰੂ ਨਾਲ ਜੁੜ ਕੇ ਅਕਾਲ ਪੁਰਖ ਨਾਲ ਅਭੇਦ ਹੋ ਜਾਂਦੇ ਹਨ, ਅਜਿਹੇ ਸੰਤ ਮਹਾਪੁਰਸ਼ਾਂ ਦੀ ਅੱਜ 47ਵੀਂ ਯਾਦ ਸਾਰਾ ਸੰਸਾਰ ਮਨਾ ਰਿਹਾ ਹੈ, ਅਜਿਹੀਆਂ ਯਾਦਾਂ ਉਨ੍ਹਾਂ ਮਹਾਂਪੁਰਖਾਂ ਦੀਆਂ ਮਨਾਈਆਂ ਜਾਦੀਆਂ ਹਨ, ਜਿਹੜੇ ਸੰਸਾਰੀ ਬੰਧਨਾਂ ਤੋਂ ਮੁਕਤ ਹੋ ਜਾਂਦੇ ਹਨ।
ਇਸ ਮੌਕੇ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ, ਪੰਥ ਪ੍ਰਸਿੱਧ ਕਥਾ ਵਾਚਕ ਗਿਆਨੀ ਜੀਵਾ ਸਿੰਘ, ਗਿਆਨੀ ਰਣਜੀਤ ਸਿੰਘ ਗੁਰਦੁਆਰਾ ਬੰਗਲਾ ਸਾਹਿਬ ਦਿੱਲੀ, ਭਾਈ ਮਲਕੀਤ ਸਿੰਘ ਕੋਮਲ, ਸੰਤ ਜਤਿੰਦਰ ਸਿੰਘ, ਬਾਬਾ ਰਣਜੀਤ ਸਿੰਘ ਢੀਂਗੀ, ਬਾਬਾ ਗੁਰਮੁੱਖ ਸਿੰਘ ਆਲੋਵਾਲ, ਬਾਬਾ ਅਜੀਤ ਸਿੰਘ ਮੱਲੋਂ, ਬਾਬਾ ਜਸਪਾਲ ਸਿੰਘ ਧਾਲੀਆਂ, ਬਾਬਾ ਬੂਟਾ ਸਿੰਘ ਗੁਰਥਲੀ, ਸੰਤ ਅਵਤਾਰ ਸਿੰਘ ਧੂਰਕੋਟ, ਸੰਤ ਲਖਵੀਰ ਸਿੰਘ ਰਤਵਾੜਾ ਸਾਹਿਬ, ਬਾਬਾ ਸਤਨਾਮ ਸਿੰਘ ਨੰਗਲ, ਗਿਆਨੀ ਨਛੱਤਰ ਸਿੰਘ ਮੁੱਖ, ਸੰਤ ਅਮਰੀਕ ਸਿੰਘ ਜਨਹੇੜੀਆਂ, ਸੰਤ ਹਰਚੰਦ ਸਿੰਘ ਨਾਨਕਸਰ, ਸੰਤ ਕਸ਼ਮੀਰਾ ਸਿੰਘ ਅਲੋਹਰਾਂ, ਬਾਬਾ ਨਾਮਦੇਵ ਸਿੰਘ ਘੱਗਾ, ਸੰਤ ਹਰਦੇਵ ਸਿੰਘ ਅਤੇ ਬਾਬਾ ਅਵਤਾਰ ਸਿੰਘ ਹਰਖੋਵਾਲ ਨੇ ਸੰਤ ਈਸ਼ਰ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਸੂਬੇ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੀ ਵਿਸ਼ੇਸ ਤੌਰ ’ਤੇ ਪੁੱਜੇ। ਅਸਥਾਨ ਦੇ ਮੌਜੂਦਾ ਮੁਖੀ ਸੰਤ ਬਲਜਿੰਦਰ ਸਿੰਘ ਰਾੜਾ ਸਾਹਿਬ ਵਾਲਿਆਂ ਨੇ ਸੰਤ ਈਸ਼ਰ ਸਿੰਘ ਦੀਆਂ ਘਾਲਨਾਵਾਂ ਦਾ ਜ਼ਿਕਰ ਕੀਤਾ ਅਤੇ ਕੀਰਤਨ ਰਾਹੀਂ ਸੰਗਤ ਨੂੰ ਸ਼ਬਦ ਗੁਰੂ ਨਾਲ ਜੋੜਿਆ। ਮੁੱਖ ਗ੍ਰੰਥੀ ਗਿਆਨੀ ਅਜਵਿੰਦਰ ਸਿੰਘ ਨੇ ਪ੍ਰਮੁੱਖ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ। ਭਾਈ ਰਣਧੀਰ ਸਿੰਘ ਢੀਂਡਸਾ ਨੇ ਧੰਨਵਾਦੀ ਸ਼ਬਦ ਕਹੇ। ਇਸ ਮੌਕੇ ਟਰੱਸਟੀ ਭਾਈ ਮਨਿੰਦਰਜੀਤ ਸਿੰਘ ਬਾਵਾ, ਭਾਈ ਗੁਰਨਾਮ ਸਿੰਘ ਅੜੈਚਾਂ, ਭਾਈ ਮਲਕੀਤ ਸਿੰਘ ਪਨੇਸ਼ਰ, ਭਾਈ ਹਰਦੇਵ ਸਿੰਘ ਉੱਭੀ, ਬਾਬਾ ਅਮਰ ਸਿੰਘ ਭੋਰਾ ਸਾਹਿਬ ਅਤੇ ਬਾਬਾ ਅਮਰ ਸਿੰਘ ਕਥਾਵਾਚਕ ਹਾਜ਼ਰ ਸਨ।
ਜਰਗ ਵਿੱਚ ਬੂਟਿਆਂ ਦਾ ਲੰਗਰ ਲਾਇਆ
ਪਾਇਲ: ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੀ ਵਣ ਰੇਂਜ ਦੋਰਾਹਾ ਦੇ ਸਹਿਯੋਗ ਨਾਲ ਲੋਕਾਂ ਨੂੰ ਵਾਤਾਵਰਨ ਪ੍ਰਤੀ ਜਾਗਰੂਕ ਕਰਨ ਲਈ ਵਿਸਥਾਰ ਰੇਂਜ ਲੁਧਿਆਣਾ ਵੱਲੋਂ ਗੁਰੂਦੁਆਰਾ ਰਾੜਾ ਸਾਹਿਬ ਜਰਗ ਵਿਖੇ ਸੰਤ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੀ ਸਲਾਨਾ ਬਰਸੀ ਮੌਕੇ ‘ਸ਼ਹੀਦ-ਏ-ਆਜ਼ਮ ਭਗਤ ਸਿੰਘ ਹਰਿਆਵਲ ਲਹਿਰ’ ਨੂੰ ਸਮਰਪਿਤ ਬੂਟਿਆਂ ਦਾ ਲੰਗਰ ਲਾਇਆ ਗਿਆ। ਇਸ ਮੌਕੇ ਸੰਤ ਭੁਪਿੰਦਰ ਸਿੰਘ ਨੇ ਗੁਰਦੁਆਰਾ ਸਾਹਿਬ ਵਿਖੇ ਨਿੰਮ ਦਾ ਬੂਟਾ ਲਗਾ ਕੇ ਸੰਗਤ ਨੂੰ ਵੀ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਵਣ ਵਿਭਾਗ ਦੇ ਕਰਮਚਾਰੀਆਂ ਵੱਲੋਂ ਖੂਨਦਾਨ ਕੈਂਪ ਦੌਰਾਨ ਖੂਨ ਦਾਨ ਕਰਨ ਵਾਲੇ ਦਾਨੀਆਂ ਨੂੰ ਇੱਕ-ਇੱਕ ਬੂਟਾ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਣ ਰੇਂਜ ਅਫ਼ਸਰ ਦੋਰਾਹਾ ਜਸਵੀਰ ਸਿੰਘ ਰਾਏ, ਬਲਜੀਤ ਸਿੰਘ ਬੈਨੀਪਾਲ ਵਣ ਬਲਾਕ ਅਫ਼ਸਰ ਅਤੇ ਜਸਵੀਰ ਸਿੰਘ ਸ਼ੇਰਗਿੱਲ ਇੰਚਾਰਜ ਨਰਸਰੀ ਧਮੋਟ, ਰੇਂਜ ਇੰਚਾਰਜ ਪਰਨੀਤ ਕੌਰ, ਕੁਲਦੀਪ ਸਿੰਘ, ਰਣਜੀਤ ਕੌਰ, ਲਾਭ ਸਿੰਘ, ਸਰਪੰਚ ਹਰਜਿੰਦਰ ਸਿੰਘ ਦੇ ਸਹਿਯੋਗ ਨਾਲ ਸੰਗਤਾਂ ਨੂੰ ਮੁਫਤ ਛਾਂਦਾਰ ਅਤੇ ਫਲਦਾਰ ਬੂਟੇ ਵੰਡੇ ਗਏ।