ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 28 ਜੂਨ
ਸਥਾਨਕ ਦਾਣਾ ਮੰਡੀ ਵਿਚ ਇਸ ਵਾਰ ਮੱਕੀ ਦੀ ਫਸਲ ਦੀ ਆਮਦ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ ਅਤੇ ਚੰਗੇ ਭਾਅ ਵਿਕਣ ਕਾਰਨ ਕਿਸਾਨ ਵੀ ਬਾਗੋ-ਬਾਗ ਦਿਖਾਈ ਦੇ ਰਹੇ ਹਨ। ਮਾਛੀਵਾੜਾ ਮਾਰਕੀਟ ਕਮੇਟੀ ਦੇ ਸਕੱਤਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਅੱਜ ਤੱਕ ਮਾਛੀਵਾੜਾ ਦਾਣਾ ਮੰਡੀ ਵਿਚ 75,682 ਕੁਇੰਟਲ ਮੱਕੀ ਦੀ ਫਸਲ ਪ੍ਰਾਈਵੇਟ ਵਪਾਰੀਆਂ ਵੱਲੋਂ ਖਰੀਦੀ ਜਾ ਚੁੱਕੀ ਹੈ ਜਦਕਿ ਪਿਛਲੇ ਸਾਲ ਇਸ ਮਿਤੀ ਤੱਕ ਇਹ ਅੰਕੜਾ 52,000 ਕੁਇੰਟਲ ਸੀ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ 1,12,000 ਕੁਇੰਟਲ ਮੱਕੀ ਦੀ ਖਰੀਦ ਹੋਈ ਸੀ ਅਤੇ ਇਸ ਵਾਰ ਟੀਚੇ ਨੂੰ ਪਾਰ ਕਰਦੇ ਹੋਏ 1,50,000 ਲੱਖ ਕੁਇੰਟਲ ਤੱਕ ਪਹੁੰਚ ਸਕਦੀ ਹੈ। ਇਸ ਕਾਰਨ ਮੰਡੀ ਬੋਰਡ ਨੂੰ ਮਾਰਕੀਟ ਫੀਸ ਤੇ ਆਰਡੀਐੱਫ ਤੋਂ ਕਾਫ਼ੀ ਆਮਦਨ ਹੋਵੇਗੀ। ਮਾਛੀਵਾੜਾ ਦਾਣਾ ਮੰਡੀ ਵਿਚ ਮੱਕੀ ਦੀ ਸੁੱਕੀ ਫਸਲ 1850 ਤੋਂ 2050 ਰੁਪਏ ਪ੍ਰਤੀ ਕੁਇੰਟਲ ਤੱਕ ਵਿਕ ਰਹੀ ਹੈ ਜੋ ਕਿ ਸਰਕਾਰ ਦੇ ਸਮਰਥਨ ਮੁੱਲ ਤੋਂ ਕਿਤੇ ਵੱਧ ਹੈ ਅਤੇ ਇਹ ਸਾਰੀ ਖਰੀਦ ਪ੍ਰਾਈਵੇਟ ਵਪਾਰੀਆਂ ਵੱਲੋਂ ਕੀਤੀ ਗਈ ਹੈ। ਇਥੇ ਮੱਕੀ ਦਾ ਭਾਅ ਵੱਧ ਹੋਣ ਕਾਰਨ ਬਾਹਰਲੀਆਂ ਮੰਡੀਆਂ ਨਾਲ ਸਬੰਧਤ ਕਿਸਾਨ ਵੀ ਇੱਥੇ ਫ਼ਸਲ ਲੈੈ ਕੇ ਆ ਰਹੇ ਹਨ। ਮਾਛੀਵਾੜਾ ਦਾਣਾ ਮੰਡੀ ਵਿਚ ਮੱਕੀ ਦੀ ਰਿਕਾਰਡਤੋੜ ਆਮਦ ਕਾਰਨ 1-2 ਵਪਾਰੀ ਕਿਸਾਨਾਂ ਦੀ ਲੁੱਟ ਕਰਨ ਤੋਂ ਵੀ ਬਾਜ ਨਹੀਂ ਆ ਰਹੇ ਅਤੇ ਸਿੱਧੇ ਹੀ ਫਸਲ ਖਰੀਦ ਕੇ ਕੁਝ ਹੀ ਦਿਨਾਂ ’ਚ ਸੁਕਾ ਕੇ ਬਾਹਰਲੇ ਵਪਾਰੀਆਂ ਨੂੰ ਵੇਚ ਰਹੇ ਹਨ ਅਤੇ ਨਾਲ ਹੀ ਮਾਰਕੀਟ ਫੀਸ ਦੀ ਚੋਰੀ ਕਰਨ ਦੀਆਂ ਚਰਚਾਵਾਂ ਵੀ ਮੰਡੀ ’ਚ ਛਿੜੀਆਂ ਹੋਈਆਂ ਹਨ। ਇਸ ਸਬੰਧੀ ਮਾਰਕੀਟ ਕਮੇਟੀ ਸਕੱਤਰ ਸੁਰਿੰਦਰ ਸਿੰਘ ਨੇ ਕਿਹਾ ਕਿ ਮੱਕੀ ’ਤੇ ਮਾਰਕੀਟ ਫੀਸ ਅਤੇ ਆਰਡੀਐੱਫ ਦੀ ਚੋਰੀ ਰੋਕਣ ਲਈ ਉਨ੍ਹਾਂ ਦੇ ਸਟਾਫ਼ ਵੱਲੋਂ ਪੂਰੀ ਮੁਸ਼ਤੈਦੀ ਵਰਤੀ ਜਾ ਰਹੀ ਹੈ ਅਤੇ ਜੇ ਕੋਈ ਵੀ ਵਪਾਰੀ ਜਾਂ ਆੜ੍ਹਤੀ ਨਿਯਮਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।