ਪੱਤਰ ਪ੍ਰੇਰਕ
ਮਾਛੀਵਾੜਾ, 4 ਜੂਨ
ਇੱਥੋਂ ਦੀ ਮੰਡੀ ਵਿਚ ਅੱਜ ਮੱਕੀ ਦੀ ਆਮਦ ਸ਼ੁਰੂ ਹੋ ਗਈ ਹੈ, ਜੋ ਕਿ ਖੁੱਲ੍ਹੀ ਬੋਲੀ ਰਾਹੀਂ ਰਿਕਾਰਡ ਤੋੜ ਭਾਅ 2421 ਰੁਪਏ ਪ੍ਰਤੀ ਕੁਇੰਟਲ ਵਿਕੀ। ਪਿੰਡ ਬਹਿਲੋਲਪੁਰ ਦਾ ਕਿਸਾਨ ਸੁਰਜੀਤ ਸਿੰਘ ਅੱਜ ਮਾਛੀਵਾੜਾ ਮੰਡੀ ਵਿਚ ਆੜ੍ਹਤੀ ਮੋਹਨ ਲਾਲ ਜਗਨਨਾਥ ਐਂਡ ਕੰਪਨੀ ਦੇ ਆਪਣੀ ਫਸਲ ਵੇਚਣ ਲਈ ਆਇਆ ਜਿੱਥੇ ਕਿ ਖੁੱਲ੍ਹੀ ਬੋਲੀ ਰਾਹੀਂ ਪ੍ਰਾਈਵੇਟ ਵਪਾਰੀ ਚਿਰਾਗ ਐਂਡ ਟਰੇਡਿੰਗ ਕੰਪਨੀ ਵਲੋਂ 2421 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਖਰਦੀ ਖਰੀਦੀ। ਮਾਛੀਵਾੜਾ ਦਾਣਾ ਮੰਡੀ ਵਿਚ ਪਿਛਲੇ ਸਾਲ ਸੁੱਕੀ ਮੱਕੀ ਫਸਲ ਦਾ ਭਾਅ 1800 ਤੋਂ 2000 ਰੁਪਏ ਤੱਕ ਪ੍ਰਤੀ ਕੁਇੰਟਲ ਸੀ ਪਰ ਇਸ ਵਾਰ ਇਹ ਫਸਲ 2421 ਰੁਪਏ ਵਿਕਣ ਕਾਰਨ ਕਿਸਾਨ ਬਾਗੋ-ਬਾਗ ਦਿਖਾਈ ਦਿੱਤਾ। ਮਾਛੀਵਾੜਾ ਇਲਾਕੇ ਵਿਚ ਇਸ ਵਾਰ ਮੱਕੀ ਦੀ ਬਿਜਾਈ ਬਹੁਤ ਜ਼ਿਆਦਾ ਹੈ ਕਿਉਂਕਿ ਪਿਛਲੇ ਸਾਲ ਇਹ ਫਸਲ ਵਧੀਆ ਝਾੜ ਕਾਰਨ ਕਿਸਾਨਾਂ ਲਈ ਲਾਹੇਵੰਦ ਰਹੀ ਸੀ। ਅੱਜ ਸੱਚਾ ਸੌਦਾ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਹਰਜਿੰਦਰ ਸਿੰਘ ਖੇੜਾ ਤੇ ਟਹਿਲ ਸਿੰਘ ਔਜਲਾ ਨੇ ਕਿਹਾ ਕਿ ਕਿਸਾਨ ਸੁੱਕੀ ਮੱਕੀ ਦੀ ਫਸਲ ਮੰਡੀ ਵਿਚ ਲੈ ਕੇ ਆਉਣ ਤਾਂ ਜੋ ਉਨ੍ਹਾਂ ਨੂੰ ਵਾਜਬ ਮੁੱਲ ਮਿਲ ਸਕੇ। ਉਕਤ ਆੜ੍ਹਤੀਆਂ ਨੇ ਕਿਹਾ ਕਿ ਮਾਛੀਵਾੜਾ ਮੰਡੀ ਵਿਚ ਪਿਛਲੇ ਸਾਲ ਦੇ ਮੁਕਾਬਲੇ ਮੱਕੀ ਫਸਲ ਦੀ ਆਮਦ ਵੀ ਵਧੇਗੀ ਅਤੇ ਭਾਅ ਵੀ ਚੰਗਾ ਲੱਗੇਗਾ ਜਿਸਦਾ ਕਿਸਾਨਾਂ ਨੂੰ ਆਰਥਿਕ ਲਾਭ ਮਿਲੇਗਾ। ਇਸ ਮੌਕੇ ਸੁਰਿੰਦਰ ਬਾਂਸਲ, ਅਰਵਿੰਦਰਪਾਲ ਸਿੰਘ ਵਿੱਕੀ, ਸੰਜੀਵ ਮਲੋਤਰਾ, ਪੁਨੀਤ ਜੈਨ, ਜਤਿਨ ਚੌਰਾਇਆ, ਵਿਨੀਤ ਜੈਨ, ਸ਼ਸ਼ੀ ਭਾਟੀਆ ਤੇ ਹੈਪੀ ਬਾਂਸਲ ਆਦਿ ਵੀ ਮੌਜੂਦ ਸਨ।