ਗਗਨਦੀਪ ਅਰੋੜਾ
ਲੁਧਿਆਣਾ, 28 ਅਗਸਤ
ਸਨਅਤੀ ਸ਼ਹਿਰ ਦੇ ਰਾਜਗੁਰੂ ਨਗਰ ਸਥਿਤ ਸਿੰਧੀ ਬੇਕਰੀ ਵਿੱਚ ਐਕਟਿਵਾ ਸਵਾਰ ਨੌਜਵਾਨਾਂ ਨੇ ਦਿਨ ਦਿਹਾੜੇ ਗੋਲੀਆਂ ਚਲਾਈਆਂ ਜਿਸ ਕਾਰਨ ਦੋ ਜਣੇ ਜ਼ਖ਼ਮੀ ਹੋ ਗਏ। ਇਸ ਹਮਲੇ ਵਿੱਚ ਬੇਕਰੀ ਮਾਲਕ ਨਵੀਨ ਕੁਮਾਰ ਤੇ ਉਨ੍ਹਾਂ ਦਾ ਵਰਕਰ ਇੰਦਰਜੀਤ ਜ਼ਖ਼ਮੀ ਹੋ ਗਏ। ਦੋਵਾਂ ਨੂੰ ਡੀਐਮਸੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਹੈਰਾਨੀ ਦੀ ਗੱਲ ਹੈ ਕਿ ਹਮਲਾਵਰ ਨੇ ਅੱਧਾ ਘੰਟਾ ਪਹਿਲਾਂ ਵੀ ਇਸ ਦੁਕਾਨ ’ਤੇ ਆ ਕੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਬੇਕਰੀ ਮਾਲਕ ਨੇ ਇਸ ਨੂੰ ਗੰਭੀਰ ਮੁੱਦੇ ਵਜੋਂ ਨਾ ਲਿਆ ਜਿਸ ਤੋਂ ਬਾਅਦ ਉਨ੍ਹਾਂ ਮੁੜ ਆ ਕੇ ਗੋਲੀਆਂ ਚਲਾਈਆਂ। ਉਹ ਗੋਲੀਆਂ ਚਲਾਉਣ ਤੋਂ ਬਾਅਦ ਫਰਾਰ ਹੋ ਗਏ। ਜਾਣਕਾਰੀ ਅਨੁਸਾਰ ਬੇਕਰੀ ਮਾਲਕ ਨਵੀਨ ਕੁਮਾਰ ਅਤੇ ਵਰਕਰ ਇੰਦਰਜੀਤ ਦੁਕਾਨ ’ਤੇ ਸਨ। ਕਰੀਬ ਚਾਰ ਵਜੇ ਇੱਕ ਚਿੱਟੇ ਰੰਗ ਦੇ ਐਕਟਿਵਾ ’ਤੇ ਦੋ ਨੌਜਵਾਨ ਬੇਕਰੀ ’ਤੇ ਆਏ। ਇਕ ਐਕਟਿਵਾ ’ਤੇ ਬੈਠਾ ਰਿਹਾ ਜਦਕਿ ਦੂਜਾ ਅੰਦਰ ਚਲਾ ਗਿਆ। ਉਸ ਨੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਗੋਲੀ ਨਾ ਚੱਲੀ ਜਿਸ ਤੋਂ ਬਾਅਦ ਧਮਕੀਆਂ ਦੇ ਕੇ ਫਰਾਰ ਹੋ ਗਿਆ। ਬੇਕਰੀ ਮਾਲਕ ਨੇ ਵੀ ਇਸ ਬਾਰੇ ਕਿਸੇ ਨੂੰ ਨਹੀਂ ਦੱਸਿਆ। ਕਰੀਬ ਅੱਧੇ ਘੰਟੇ ਬਾਅਦ ਨੌਜਵਾਨ ਫਿਰ ਆਇਆ ਅਤੇ ਉਸ ਨੇ ਆਉਂਦੇ ਹੀ ਗੋਲੀਆਂ ਚਲਾ ਦਿੱਤੀਆਂ। ਇੱਕ ਗੋਲੀ ਨਵੀਨ ਦੀ ਗਰਦਨ ਨੇੜੇ ਲੱਗੀ। ਜਦਕਿ ਹਾਲੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਇੰਦਰਜੀਤ ਨੂੰ ਗੋਲੀ ਮਾਰੀ ਗਈ ਸੀ ਜਾਂ ਸ਼ਰ੍ਹੇ ਲੱਗੇ ਹਨ। ਗੋਲੀਆਂ ਚਲਾਉਣ ਤੋਂ ਬਾਅਦ ਉਹ ਉਥੋਂ ਫ਼ਰਾਰ ਹੋ ਗਏ। ਏਡੀਸੀਪੀ ਕਰਾਈਮ ਅਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਹੁਣ ਤੱਕ ਦੀ ਜਾਂਚ ਵਿੱਚ ਲੁੱਟ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ। ਹੁਣ ਪਰਿਵਾਰਕ ਮੈਂਬਰਾਂ ਅਤੇ ਜ਼ਖਮੀਆਂ ਨਾਲ ਗੱਲਬਾਤ ਕੀਤੀ ਜਾਵੇਗੀ। ਉਸ ਤੋਂ ਬਾਅਦ ਹੀ ਸਾਰੀ ਕਹਾਣੀ ਸਪਸ਼ਟ ਹੋ ਸਕੇਗੀ ਕਿ ਗੋਲੀ ਮਾਰਨ ਵਾਲੇ ਨੌਜਵਾਨ ਉਨ੍ਹਾਂ ਨੂੰ ਜਾਣਦੇ ਸਨ ਜਾਂ ਨਹੀਂ।