ਗੁਰਿੰਦਰ ਸਿੰਘ
ਲੁਧਿਆਣਾ, 28 ਮਾਰਚ
ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਪੁਸ਼ਪਿੰਦਰ ਸਿੰਘਲ ਅਤੇ ਭਾਜਪਾ ਯੁਵਾ ਮੋਰਚਾ ਪ੍ਰਧਾਨ ਕੁਸ਼ਾਗਰ ਕਸ਼ਯਪ ਦੀ ਅਗਵਾਈ ਹੇਠ ਵਰਕਰਾਂ ਨੇ ਘੰਟਾ ਘਰ ਚੌਕ ਵਿੱਚ ਕੈਪਟਨ ਸਰਕਾਰ ਖ਼ਿਲਾਫ਼ ਧਰਨਾ ਦੇ ਕੇ ਪੁਤਲਾ ਫੂਕ ਮੁਜ਼ਾਹਰਾ ਕੀਤਾ। ਅਬੋਹਰ ਦੇ ਵਿਧਾਇਕ ਅਰੁਣ ਨਾਰੰਗ ਦੀ ਮਲੋਟ ਵਿੱਚ ਹੋਈ ਕੁਟਮਾਰ ਦੇ ਰੋਸ ਵਜੋਂ ਭਾਜਪਾ ਵਰਕਰ ਆਪਣੇ ਦਫ਼ਤਰ ਤੋਂ ਕੁੱਝ ਗਜ਼ ਦੂਰੀ ’ਤੇ ਸਥਿਤ ਕਾਂਗਰਸ ਦਫ਼ਤਰ ਬਾਹਰ ਧਰਨਾ ਦੇ ਕੇ ਪੁਤਲਾ ਫੂਕ ਮੁਜ਼ਾਹਰਾ ਕਰਨਾ ਚਾਹੁੰਦੇ ਸਨ ਪਰ ਪੁਲੀਸ ਵੱਲੋਂ ਲਗਾਈਆਂ ਰੋਕਾਂ ਕਾਰਨ ਉਨ੍ਹਾਂ ਨੂੰ ਘੰਟਾ ਘਰ ਚੌਕ ਨੇੜੇ ਹੀ ਰੋਸ ਮੁਜ਼ਾਹਰਾ ਕਰਨਾ ਪਿਆ। ਇਸ ਮੌਕੇ ਭਾਜਪਾ ਦੇ ਸੂਬਾਈ ਆਗੂ ਪ੍ਰਵੀਨ ਬਾਂਸਲ, ਗੁਰਦੇਵ ਸ਼ਰਮਾ ਦੇਬੀ, ਰਵਿੰਦਰ ਅਰੋੜਾ, ਰਮੇਸ਼ ਸ਼ਰਮਾ ਅਤੇ ਰੇਨੂ ਥਾਪਰ ਸਮੇਤ ਕਈ ਆਗੂ ਹਾਜ਼ਰ ਸਨ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਪੁਸ਼ਪਿੰਦਰ ਸਿੰਘਲ ਨੇ ਕਿਹਾ ਕਿ ਕੈਪਟਨ ਸਰਕਾਰ ਆਪਣੀਆਂ ਨਾਕਾਮੀਆਂ ਨੂੰ ਛੁਪਾਉਣ ਲਈ ਗੁੰਡਿਆਂ ਦਾ ਸਹਾਰਾ ਲੈ ਕੇ ਭਾਜਪਾ ਆਗੂਆਂ ਉਪਰ ਹਮਲੇ ਕਰਵਾ ਰਹੀ ਹੈ। ਉਨ੍ਹਾਂ ਦੱਸਿਆ ਕਿ ਵਿਧਾਇਕ ਨਾਰੰਗ ਵੱਲੋਂ ਪੰਜਾਬ ਸਰਕਾਰ ਦੀਆਂ ਨਾਕਾਮੀਆਂ ਖ਼ਿਲਾਫ਼ ਪ੍ਰੈੱਸ ਕਾਨਫ਼ਰੰਸ ਕੀਤੀ ਜਾਣੀ ਸੀ ਪਰ ਬੁਖਲਾਹਟ ਵਿੱਚ ਆ ਕੇ ਕਾਂਗਰਸੀਆਂ ਵੱਲੋਂ ਆਪਣੇ ਸਮਰਥਕਾਂ ਰਾਹੀਂ ਵਿਧਾਇਕ ਦੀ ਕੁੱਟਮਾਰ ਕੀਤੀ ਗਈ ਹੈ ਜੋ ਕਿ ਗ਼ੈਰ ਲੋਕਤੰਤਰੀ ਹੈ। ਇਸ ਮੌਕੇ ਸੰਜੇ ਕਪੂਰ, ਸੁਨੀਲ ਮਹਿਰਾ, ਰੋਬਿਨ ਚੁੱਘ, ਰੋਹਿਤ ਬਤਰਾ, ਰਾਜੇਸ਼ਵਰੀ ਗੁਸਾਈਂ, ਕਿਰਨ ਸ਼ਰਮਾ, ਮਹੇਸ਼ ਸ਼ਰਮਾ, ਅਸ਼ਵਨੀ ਬਹਿਲ, ਵਿੱਕੀ ਸਹੋਤਾ ਸਮੇਤ ਕਈ ਆਗੂ ਹਾਜ਼ਰ ਸਨ।
ਕੈਪਟਨ ਖ਼ਿਲਾਫ਼ ਭਾਜਪਾ ਦਾ ਧਰਨਾ ਰਿਹੈ ਅਸਫ਼ਲ
ਜਗਰਾਉਂ (ਚਰਨਜੀਤ ਸਿੰਘ ਢਿੱਲੋਂ): ਇੱਥੇ ਝਾਂਸੀ ਰਾਣੀ ਮੇਨ ਚੌਕ ’ਚ ਭਾਜਪਾ ਵਰਕਰਾਂ ਅਤੇ ਅਹੁਦੇਦਾਰਾਂ ਨੇ ਮਲੋਟ ’ਚ ਵਾਪਰੀ ਘਟਨਾ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ। ਜਗਰਾਉਂ ਧਰਨੇ ਦੀ ਅਗਵਾਈ ਕਰ ਰਹੇ ਮੰਡਲ ਪ੍ਰਧਾਨ ਗੌਰਵ ਖੁੱਲਰ ਨੇ ਆਖਿਆ ਕਿ ਪੰਜਾਬ ’ਚ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਹੈ, ਕੁੱਝ ਸ਼ਰਾਰਤੀ ਅਨਸਰ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਦੀ ਸ਼ਰ੍ਹੇਆਮ ਕੁੱਟਮਾਰ ਕਰ ਰਹੇ ਹਨ, ਇਸ ਘਟਨਾ ਲਈ ਕੈਪਟਨ ਅਮਰਿੰਦਰ ਸਿੰਘ ਹੀ ਜ਼ਿੰਮੇਵਾਰ ਹੈ। ਧਰਨੇ ’ਚ ਡਾ. ਰਾਜਿੰਦਰ ਸ਼ਰਮਾ, ਹਨੀ ਗੋਇਲ, ਸੰਜੀਵ ਮਲਹੋਤਰਾ, ਸ਼ੰਟੀ ਚੋਪੜਾ, ਰਾਜੇਸ਼ ਕੁਮਾਰ, ਜਗਦੀਸ਼ ਕੁਮਾਰ, ਸ਼ਮੀ ਕੁਮਾਰ ਆਦਿ ਹਾਜ਼ਰ ਸਨ। ਇਥੇ ਦੱਸ ਦੇਈਏ ਕਿ ਭਾਜਪਾ ਆਗੂ ਧਰਨੇ ’ਚ ਲੋਕਾਂ ਦਾ ਇਕੱਠ ਜੁਟਾਉਣ ’ਚ ਸਫ਼ਲ ਨਹੀਂ ਹੋ ਸਕੇ। ਕੇਵਲ 15 ਕੁ ਬੰਦੇ ਹੀ ਜੁੜ੍ਹੇ। ਪੁਲੀਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਸੀਨੀਅਰ ਪੁਲੀਸ ਕਪਤਾਨ ਚਰਨਜੀਤ ਸਿੰਘ ਸੋਹਲ ਨੇ ਡੀਐੱਸਪੀ ਜਤਿੰਦਰਜੀਤ ਸਿੰਘ ਨੂੰ ਸਖ਼ਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਸਨ ਕਿ ਭਾਜਪਾ ਧਰਨੇ ’ਚ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ।