ਜੋਗਿੰਦਰ ਸਿੰਘ ਓਬਰਾਏ
ਖੰਨਾ, 22 ਦਸੰਬਰ
ਖੇਤੀ ਕਾਨੂੰਨਾਂ ਖ਼ਿਲਾਫ਼ ਰੇਲਵੇ ਸਟੇਸ਼ਨ ਖੰਨਾ ਅੱਗੇ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਰਾਜਿੰਦਰ ਸਿੰਘ ਬੈਨੀਪਾਲ ਦੀ ਅਗਵਾਈ ਹੇਠ ਕਿਸਾਨਾਂ ਦਾ ਸ਼ਾਂਤਮਈ ਧਰਨਾ ਅੱਜ 81ਵੇਂ ਦਿਨ ਵੀ ਲਗਾਤਾਰ ਰਿਹਾ। ਇਥੇ ਅੱਜ ਭੁੱਖ ਹੜਤਾਲ ਦੇ 34ਵੇਂ ਦਿਨ ਸੂਬੇਦਾਰ ਮੇਵਾ ਸਿੰਘ, ਮਹਿੰਦਰ ਪਾਲ ਅਤੇ ਰਾਮ ਮੋਹਨ ਬੈਠੇ। ਇਸ ਮੌਕੇ ਗੁਰਦੀਪ ਸਿੰਘ ਭੱਟੀ ਤੇ ਕਸ਼ਮੀਰਾ ਸਿੰਘ ਨੇ ਕਿਹਾ ਕਿ ਖੇਤੀ ਕਾਨੂੰਨਾਂ ਕਾਰਨ ਇੱਕਲੇ ਕਿਸਾਨਾਂ ਨੂੰ ਨਹੀਂ ਬਲਕਿ ਦੇਸ਼ ਦੇ ਹਰ ਇਕ ਨਾਗਰਿਕ ਨੂੰ ਮਹਿੰਗਾਈ ਦੀ ਮਾਰ ਝੱਲਣੀ ਪਵੇਗੀ। ਕਿਸਾਨਾਂ ਦੀਆਂ ਜ਼ਮੀਨਾਂ ’ਤੇ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਹੋ ਜਾਣ ਨਾਲ ਜਿੱਥੇ ਕਿਸਾਨ ਜ਼ਮੀਨਾਂ ਤੋਂ ਵਾਂਝੇ ਹੋ ਜਾਣਗੇ, ਉੱਥੇ ਜ਼ਰੂਰੀ ਵਸਤਾਂ ਆਮ ਲੋਕਾਂ ਤੋਂ ਬਹੁਤ ਦੂਰ ਹੋ ਜਾਣਗੀਆਂ। ਇਸ ਦੌਰਾਨ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਅੜੀਅਲ ਰਵੱਈਏ ਅੱਗੇ ਕਿਸਾਨ ਝੁਕਣ ਵਾਲੇ ਨਹੀਂ ਅਤੇ ਦਿੱਲੀ ਮੋਰਚੇ ਉੱਤੇ ਬੈਠੇ ਕਿਸਾਨਾਂ ਨੂੰ ਸਰਕਾਰ ਦੀ ਸੋਧਾਂ ਵਾਲੀ ਮੰਗ ਮਨਜ਼ੂਰ ਨਹੀਂ ਹੈ। ਉਨ੍ਹਾਂ ਕਿਹਾ ਕਿ ਦੇਸ਼ ਦਾ ਕਿਸਾਨ ਆਪਣੇ ਅਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਨੂੰ ਲੈ ਕੇ ਚਿੰਤਤ ਹੈ ਪਰ ਕੇਂਦਰ ਦੀ ਮੋਦੀ ਸਰਕਾਰ ਨੂੰ ਦੇਸ਼ ਲਈ ਅੰਨ ਪੈਦਾ ਕਰਨ ਵਾਲੇ ਕਿਸਾਨਾਂ ਦੀ ਕੋਈ ਚਿੰਤਾ ਨਹੀਂ। ਇਸ ਮੌਕੇ ਜਸਬੀਰ ਸਿੰਘ ਚੀਮਾ, ਮਾਸਟਰ ਰਾਜਬੀਰ ਸਿੰਘ ਲਬਿੜਾ, ਡਾ. ਚਰਨਜੀਤ ਸਿੰਘ, ਰਛਪਾਲ ਸਿੰਘ ਮਾਨ ਕਲਾਲਮਾਜਰਾ, ਦੇਵਿੰਦਰ ਸਿੰਘ ਸੌਂਟੀ, ਰਣਧੀਰ ਸਿੰਘ ਗੋਗੀ ਫੈਜਗੜ, ਪਰਮਿੰਦਰ ਸਿੰਘ, ਦਵਿੰਦਰ ਸਿੰਘ ਤੇ ਏਕਮਜੋਤ ਸਿੰਘ ਆਦਿ ਹਾਜ਼ਰ ਸਨ।
ਜਗਰਾਉਂ (ਚਰਨਜੀਤ ਸਿੰਘ ਢਿੱਲੋਂ): ਚੌਕੀਮਾਨ ਟੌਲ ਪਲਾਜ਼ਾ ’ਤੇ ਕਰੀਬ ਡੇਢ ਦਰਜਨ ਪਿੰਡਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਜੋਗਿੰਦਰ ਆਜ਼ਾਦ, ਪ੍ਰਭਜੋਤ ਸੋਹੀ, ਰਾਜਦੀਪ ਸਵੱਦੀ, ਮੁਕੰਦ ਸਿੰਘ ਮਾਨ, ਸਤਨਾਮ ਮੋਰਕਰੀਮਾਂ ਤੇ ਗਗਨ ਸਰਾਂ ਨੇ ਆਖਿਆ ਕਿ ਸਿਆਸੀ ਪਾਰਟੀਆਂ ਦਾ ਦੇਸ਼ ਵਾਸੀਆਂ ’ਚ ਧਰਮ ਤੇ ਜਾਤ ਦੇ ਨਾਮ ’ਤੇ ਵੰਡੀਆਂ ਪਾਉਣ ਵਾਲਾ ਫਾਰਮੂਲਾ ਹੁਣ ਪੰਜਾਬ ਦੀ ਧਰਤੀ ’ਤੇ ਨਹੀਂ ਚੱਲਣ ਵਾਲਾ, ਕਿਉਂਕਿ ਇਥੋਂ ਦੇ ਲੋਕ ਹੱਕਾਂ ਬਾਰੇ ਜਾਗਰੂਕ ਹੋ ਚੁੱਕੇ ਹਨ। ਇਸ ਦੌਰਾਨ ਬੁਲਾਰਿਆਂ ਨੇ ਭਾਜਪਾ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਉਹ ਹਿੰਦੂ, ਸਿੱਖ ,ਇਸਾਈ, ਜੈਨੀ ਤੇ ਬੋਧੀ ਤੋਂ ਪਹਿਲਾਂ ਪੰਜਾਬੀ ਹਨ, ਜੋ ਆਪਣੇ ਹੱਕਾਂ ਦੀ ਰਾਖੀ ਕਰਨੀ ਚੰਗੀ ਤਰ੍ਹਾਂ ਜਾਣਦੇ ਹਨ।
ਇਸੇ ਤਰ੍ਹਾਂ ਜਗਰਾਉਂ ਰੇਲਵੇ ਪਾਰਕ ਧਰਨੇ ਨੂੰ ਸੰਬੋਧਨ ਕਰਦਿਆਂ ਇੰਦਰਜੀਤ ਧਾਲੀਵਾਲ, ਰਮਿੰਦਰਜੀਤ ਗਿੱਲ ਤੇ ਜਗਦੀਸ਼ ਸਿੰਘ ਚਾਹਲ ਨੇ ਆਖਿਆ ਕਿ ਦੂਸਰੇ ਸੂਬਿਆਂ ਦੀ ਤਰਜ਼ ’ਤੇ ਮੋਦੀ ਨੇ ਕਾਰਪੋਰੇਟ ਘਰਾਣਿਆਂ ਨੂੰ ਪੰਜਾਬ ਵੇਚਣ ਦੀ ਜੋ ਤਿਆਰੀ ਵਿੱਢੀ ਹੈ, ਉਹ ਕਿਸੇ ਵੀ ਕੀਮਤ ’ਤੇ ਸਿਰੇ ਨਹੀਂ ਚੜ੍ਹੇਗੀ।
ਜਗਰਾਉਂ ਦੀ ਅਨਾਜ ਮੰਡੀ ਬੰਦ ਰੱਖਣ ਦਾ ਫ਼ੈਸਲਾ
ਅਨਾਜ ਮੰਡੀ ਜਗਰਾਉਂ ਦੇ ਆੜ੍ਹਤੀ ਭਾਈਚਾਰੇ ਨੇ ਕਿਸਾਨਾਂ ਦੇ ਹੱਕ ’ਚ ਡਟੇ ਰਹਿਣ ਅਤੇ ਕੇਂਦਰ ਦੇ ਇਸ਼ਾਰੇ ’ਤੇ ਹੋਈ ਛਾਪੇਮਾਰੀ ਦੇ ਵਿਰੋਧ ’ਚ ਤਿੰਨ ਦਿਨ ਲਈ ਮੰਡੀ ਬੰਦ ਰੱਖਣ ਦਾ ਐਲਾਨ ਕੀਤਾ ਹੈ। ਆੜ੍ਹਤੀ ਬਲਵਿੰਦਰ ਭੰਮੀਪੁਰ, ਪਰਮਜੀਤ ਸਿੰਘ, ਦੀਦਾਰ ਮਲਕ, ਧਰਮਿੰਦਰ ਤਲਵੰਡੀ ਤੇ ਬੰਕਾ ਗੁਪਤਾ ਨੇ ਆਖਿਆ ਕਿ ਸਾਡੀ ਤੇ ਕਿਸਾਨਾਂ ਦੀ ਸਾਂਝ ਸਦੀਵੀ ਹੈ, ਜਿਸ ਵਿੱਚ ਦਰਾਰ ਨਹੀਂ ਪੈ ਸਕਦੀ।