ਖੇਤਰੀ ਪ੍ਰਤੀਨਿਧ
ਲੁਧਿਆਣਾ, 17 ਜੁਲਾਈ
ਵੈਟਰਨਰੀ ਵਿਦਿਆਰਥੀਆਂ ਦਾ ਇੰਟਰਨਸ਼ਿਪ ਭੱਤਾ ਵਧਾਉਣ ਦੀ ਮੰਗ ਨੂੰ ਲੈ ਕਿ ਰੋਸ ਧਰਨਾ ਅੱਜ ਛੁੱਟੀ ਵਾਲੇ ਦਿਨ ਵੀ ਜਾਰੀ ਰਿਹਾ। ਪਿਛਲੇ ਚਾਰ ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਵਿਦਿਆਰਥੀ ਸ਼ਿਵਮ ਦੀ ਹਾਲਤ ਖਰਾਬ ਹੋਣ ਕਰਕੇ ਗੁਲੂਕੋਜ਼ ਚੜ੍ਹਾਉਣ ਲਈ ਹਸਪਤਾਲ ਲਿਆਉਣਾ ਪਿਆ। ਅੱਜ ਵਿਧਾਇਕ ਗੁਰਪ੍ਰੀਤ ਗੋਗੀ ਵੀ ਧਰਨੇ ’ਤੇ ਬੈਠੇ ਵਿਦਿਆਰਥੀਆਂ ਨੂੰ ਮਿਲਣ ਪਹੁੰਚੇੇ।
ਧਰਨੇ ’ਤੇ ਬੈਠੇ ਵਿਦਿਆਰਥੀਆਂ ਵਿੱਚ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਧਰਨਾਕਾਰੀ ਵਿਦਿਆਰਥੀਆਂ ਦਾ ਕਹਿਣਾ ਸੀ ਕਿ ਮਰਨ ਵਰਤ ਸ਼ੁਰੂ ਕੀਤੇ ਚਾਰ ਦਿਨ ਹੋ ਗਏ ਹਨ ਪਰ ਅਫਸੋਸ ਕਿ ਸਰਕਾਰ ਨੇ ਹਾਲੇ ਤੱਕ ਵੀ ਇਸ ਮਾਮਲੇ ਵਿੱਚ ਗੰਭੀਰਤਾ ਨਹੀਂ ਦਿਖਾਈ। ਉਧਰ ਮਰਨ ਵਰਤ ’ਤੇ ਬੈਠੇ ਦੋ ਵਿਦਿਆਰਥੀਆਂ ਵਿੱਚੋਂ ਇੱਕ ਡਾ. ਸ਼ਿਵਮ ਸ਼ਰਮਾ ਦੀ ਅੱਜ ਹਾਲਤ ਖਰਾਬ ਹੋ ਗਈ। ਵਿਧਾਇਕ ਗੋਗੀ ਦੇ ਕਹਿਣ ’ਤੇ ਡਾਕਟਰੀ ਟੀਮ ਨੇ ਵਿਦਿਆਰਥੀ ਦੀ ਜਾਂਚ ਕੀਤੀ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਵਿਦਿਆਰਥੀ ਦੀ ਬਲੱਡ ਸ਼ੂਗਰ ਘੱਟ ਕੇ 64 ਤੱਕ ਪਹੁੰਚ ਗਈ ਸੀ। ਜਿਸ ਤੋਂ ਬਾਅਦ ਵਿਦਿਆਰਥੀ ਨੂੰ ਸਿਵਲ ਹਸਪਤਾਲ ਲਿਆ ਕਿ ਗੁਲੂਕੋਜ਼ ਚੜ੍ਹਾਇਆ ਗਿਆ। ਧਰਨੇ ’ਤੇ ਬੈਠੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਇੱਕ ਆਮ ਵਿਅਕਤੀ 5 ਤੋਂ 6 ਦਿਨ ਤੱਕ ਭੁੱਖਾ ਰਹਿ ਸਕਦਾ ਹੈ ਜਦਕਿ ਉਕਤ ਵਿਦਿਆਰਥੀ ਨੂੰ ਚਾਰ ਦਿਨ ਹੋ ਗਏ ਹਨ। ਉਨ੍ਹਾਂ ਕਿਹਾ ਕਿ ਜਿੰਨੀ ਬਲੱਡ ਸ਼ੂਗਰ ਘੱਟ ਹੋਵੇਗੀ, ਉਨ੍ਹੀ ਹੀ ਸਿਹਤ ਜ਼ਿਆਦਾ ਖਰਾਬ ਹੋ ਸਕਦੀ ਹੈ। ਵਿਦਿਆਰਥੀ ਆਗੂਆਂ ਨੇ ਇਹ ਵੀ ਦੱਸਿਆ ਕਿ ਵਿਧਾਇਕ ਗੋਗੀ ਨੇ ਮੌਕੇ ’ਤੇ ਹੀ ਐਨੀਮਲ ਹਸਬੈਂਡਰੀ ਵਿਭਾਗ ਦੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨਾਲ ਫੋਨ ’ਤੇ ਗੱਲ ਵੀ ਕੀਤੀ। ਉਨ੍ਹਾਂ ਭਰੋਸਾ ਦਿੱਤਾ ਕਿ ਮੀਟਿੰਗ ਕਰਕੇ ਇਸ ਮਸਲੇ ਨੂੰ ਜਲਦੀ ਹੀ ਸੁਲਝਾ ਲਿਆ ਜਾਵੇਗਾ।
ਦੂਜੇ ਪਾਸੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਜਿੰਨੀ ਦੇਰ ਤੱਕ ਉਨ੍ਹਾਂ ਦੀ ਮੰਗ ਲਿਖਤੀ ਰੂਪ ਵਿੱਚ ਨਹੀਂ ਮੰਨੀਂ ਜਾਂਦੀ, ਧਰਨਾ ਤੇ ਮਰਨ ਵਰਤ ਜਾਰੀ ਰੱਖਿਆ ਜਾਵੇਗਾ। ਜੇਕਰ ਇਸ ਦੌਰਾਨ ਮਰਨ ਵਰਤ ’ਤੇ ਬੈਠੇ ਵਿਦਿਆਰਥੀਆਂ ਨਾਲ ਕੁੱਝ ਹੁੰਦਾ ਹੈ ਤਾਂ ਉਸ ਦੀ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।