ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 6 ਨਵੰਬਰ
ਘਰ ਤੋਂ ਕਿਸੇ ਕੰਮ ’ਤੇ ਜਾਣ ਲਈ ਆਖ ਕੇ ਗਏ ਬਜ਼ੁਰਗ ਦੀ ਲਾਸ਼ ਕੁਝ ਦਿਨਾਂ ਬਾਅਦ ਸਿੱਧਵਾਂ ਨਹਿਰ ’ਚੋਂ ਮਿਲੀ ਹੈ। ਲਾਸ਼ ਦੇਖ ਕੇ ਲੋਕਾਂ ਨੇ ਇਸ ਦੀ ਸੂਚਨਾ ਪੁਲੀਸ ਨੂੰ ਦਿੱਤੀ। ਥਾਣਾ ਸਰਾਭਾ ਨਗਰ ਦੀ ਪੁਲੀਸ ਸੂਚਨਾ ਮਿਲਦੇ ਹੀ ਮੌਕੇ ’ਤੇ ਪੁੱਜ ਗਈ। ਮ੍ਰਿਤਕ ਦੀ ਪਛਾਣ ਪਿੰਡ ਸੁਨੇਤ ਵਾਸੀ ਨਾਮਦੇਵ ਸਿੰਘ ਦੇ ਰੂਪ ’ਚ ਹੋਈ ਹੈ।
ਬੂਟਾ ਸਿੰਘ ਨੇ ਦੱਸਿਆ ਕਿ ਨਾਮਦੇਵ ਉਸ ਦਾ ਚਾਚਾ ਹੈ ਜੋ ਰਾਜ ਮਿਸਤਰੀ ਦਾ ਕੰਮ ਕਰਦੇ ਸਨ। ਉਨ੍ਹਾਂ ਦੇ ਦੋ ਲੜਕੇ ਤੇ ਇੱਕ ਲੜਕੀ ਹੈ। 2 ਨਵੰਬਰ ਨੂੰ ਉਸ ਦੇ ਚਾਚਾ ਸਵੇਰੇ ਘਰੋਂ ਇਹ ਆਖ ਕੇ ਨਿਕਲੇ ਸਨ ਕਿ ਉਨ੍ਹਾਂ ਕਿਸੇ ਵਿਅਕਤੀ ਤੋਂ ਪੈਸੇ ਲੈਣੇ ਹਨ, ਉਹ ਲੈ ਕੇ ਥੋੜ੍ਹੀ ਦੇਰ ਤੱਕ ਆਉਂਦੇ ਹਨ, ਪਰ ਦੇਰ ਸ਼ਾਮ ਤੱਕ ਉਹ ਵਾਪਸ ਨਹੀਂ ਆਏ। ਉਨ੍ਹਾਂ ਦੀ ਲੜਕੀ ਨੇ ਸ਼ਾਮ ਕਰੀਬ ਸਾਢੇ 5 ਵਜੇ ਉਨ੍ਹਾਂ ਨੂੰ ਫੋਨ ਕੀਤਾ ਤੇ ਕਿਹਾ ਕਿ ਉਹ 15 ਮਿੰਟ ਤੱਕ ਵਾਪਸ ਆ ਰਹੇ ਹਨ, ਪਰ ਜਦੋਂ ਉਹ ਨਹੀਂ ਆਏ ਤਾਂ ਉਨ੍ਹਾਂ ਨੇ ਇੱਕ ਘੰਟੇ ਬਾਅਦ ਦੁਬਾਰਾ ਫੋਨ ਕੀਤਾ, ਪਰ ਉਨ੍ਹਾਂ ਦਾ ਨੰਬਰ ਬੰਦ ਆ ਰਿਹਾ ਸੀ। ਇਸ ਤੋਂ ਬਾਅਦ ਦੇਰ ਰਾਤ ਨੂੰ ਉਹ ਘਰ ਨਾ ਪੁੱਜੇ ਤਾਂ ਉਨ੍ਹਾਂ ਥਾਣਾ ਸਰਾਭਾ ਨਗਰ ’ਚ ਇਸ ਦੀ ਸ਼ਿਕਾਇਤ ਕੀਤੀ।
ਬੂਟਾ ਸਿੰਘ ਅਨੁਸਾਰ ਸ਼ਨਿੱਚਰਵਾਰ ਦੀ ਸਵੇਰੇ ਉਨ੍ਹਾਂ ਨੂੰ ਪੁਲੀਸ ਥਾਣੇ ’ਚੋਂ ਫੋਨ ਆਇਆ ਕਿ ਈਸੇਵਾਲ ਤੋਂ ਅੱਗੇ ਭੋਰੇਵਾਲ ਗਰਿੱਡ ਸਿੱਧਵਾਂ ਨਹਿਰ ’ਚੋਂ ਇੱਕ ਵਿਅਕਤੀ ਦੀ ਲਾਸ਼ ਮਿਲੀ ਹੈ। ਉਹ ਜਦੋਂ ਮੌਕੇ ’ਤੇ ਪੁੱਜੇ ਤਾਂ ਲਾਸ਼ ਉਸ ਦੇ ਚਾਚੇ ਦੀ ਸੀ। ਬੂਟਾ ਸਿੰਘ ਨੇ ਕਿਹਾ ਕਿ ਉਸ ਦੇ ਚਾਚੇ ਕੋਲ ਬਟੂਆ ਅਤੇ ਮੋਬਾਈਲ ਵੀ ਸੀ, ਪਰ ਉਸ ਦੀ ਜੇਬ ’ਚੋਂ ਨਾ ਬਟੂਆ ਅਤੇ ਨਾ ਮੋਬਾਈਲ ਫੋਨ ਮਿਲਿਆ ਹੈ। ਪੁਲੀਸ ਨੇ ਮਾਮਲੇ ’ਚ 174 ਦੀ ਕਾਰਵਾਈ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।