ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 5 ਸਤੰਬਰ
ਪਿੰਡ ਮਾਨਗੜ੍ਹ ਦੇ ਇਲਾਕੇ ਵਿੱਚ ਕਿਰਾਏ ਦੇ ਕਮਰੇ ਵਿੱਚ ਰਹਿੰਦੇ ਰਾਮ ਪ੍ਰਤਾਪ ਦੀ ਲਾਸ਼ ਘਰ ਦੇ ਬਾਹਰੋਂ ਮਿਲੀ ਹੈ ਜਿਸ ਤੋਂ ਬਾਅਦ ਮਕਾਨ ਮਾਲਕ ਨੇ ਇਸ ਦੀ ਸੂਚਨਾ ਉਸ ਦੇ ਭਰਾ ਨੂੰ ਦਿੱਤੀ ਅਤੇ ਥਾਣਾ ਕੂੰਮਕਲਾਂ ਦੀ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ। ਪੁਲੀਸ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਪੈਰ ਫਿਸਲਣ ਕਾਰਨ ਰਾਮ ਪ੍ਰਤਾਪ ਘਰ ਦੇ ਬਾਹਰ ਡਿੱਗ ਪਿਆ ਅਤੇ ਸੱਟ ਲੱਗਣ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਸੂਚਨਾ ਮਿਲਣ ਤੋਂ ਬਾਅਦ ਥਾਣਾ ਕੂੰਮਕਲਾਂ ਦੀ ਪੁਲੀਸ ਨੇ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ।
ਮ੍ਰਿਤਕ ਰਾਮ ਪ੍ਰਤਾਪ ਦੇ ਭਰਾ ਅਨੁਰਾਗ ਸਿੰਘ ਨੇ ਦੱਸਿਆ ਕਿ ਉਹ ਉੱਤਰ ਪ੍ਰਦੇਸ਼ ਦੇ ਰਾਏਬਰੇਲੀ ਇਲਾਕੇ ਦਾ ਰਹਿਣ ਵਾਲਾ ਸੀ। ਰਾਮ ਪ੍ਰਤਾਪ ਲੰਬੇ ਸਮੇਂ ਤੋਂ ਮਾਛੀਵਾੜਾ ਇਲਾਕੇ ਦੇ ਪਿੰਡ ਮਾਨਗੜ੍ਹ ਵਿੱਚ ਰਹਿ ਰਿਹਾ ਸੀ। ਉਹ ਮਾਛੀਵਾੜਾ ਸਥਿਤ ਇੱਕ ਫੈਕਟਰੀ ਵਿੱਚ ਕੰਮ ਕਰਦਾ ਸੀ। ਬੁੱਧਵਾਰ ਰਾਤ ਨੂੰ ਉਹ ਕੰਮ ਤੋਂ ਘਰ ਪਰਤਿਆ ਤਾਂ ਕਮਰੇ ਦੇ ਬਾਹਰ ਉਸ ਦਾ ਪੈਰ ਫਿਸਲ ਗਿਆ ਜਿਸ ਕਾਰਨ ਉਹ ਬੁਰੀ ਤਰ੍ਹਾਂ ਫੱਟੜ ਹੋ ਗਿਆ ਅਤੇ ਮੌਕੇ ’ਤੇ ਹੀ ਉਸ ਦੀ ਮੌਤ ਹੋ ਗਈ। ਮਕਾਨ ਮਾਲਕ ਨੇ ਤੁਰੰਤ ਆਪਣੇ ਭਰਾ ਅਨੁਰਾਗ ਨੂੰ ਸੂਚਨਾ ਦਿੱਤੀ। ਉਹ ਰਾਮ ਪ੍ਰਤਾਪ ਨੂੰ ਸਿਵਲ ਹਸਪਤਾਲ ਲੈ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਜਾਂਚ ਅਧਿਕਾਰੀ ਚੌਕੀ ਕਟਾਣੀ ਕਲਾਂ ਦੇ ਇੰਚਾਰਜ ਸਬ-ਇੰਸਪੈਕਟਰ ਜਸਪਾਲ ਸਿੰਘ ਨੇ ਦੱਸਿਆ ਕਿ ਹੁਣ ਤੱਕ ਦੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਰਾਮ ਪ੍ਰਤਾਪ ਪੈਰ ਫਿਸਲਣ ਕਾਰਨ ਡਿੱਗ ਪਿਆ ਅਤੇ ਜ਼ਖਮੀ ਹੋਣ ਕਾਰਨ ਉਸ ਦੀ ਮੌਤ ਹੋ ਗਈ। ਪਰਿਵਾਰ ਦੇ ਬਿਆਨ ਦਰਜ ਕ ਰਕੇ ਕਾਰਵਾਈ ਕੀਤੀ ਗਈ ਅਤੇ ਲਾਸ਼ ਨੂੰ ਪਰਿਵਾਰ ਹਵਾਲੇ ਕਰ ਦਿੱਤਾ ਗਿਆ ਹੈ।