ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 28 ਮਈ
ਪੰਜਾਬ ਵਿੱਚ ਲੁਧਿਆਣਾ ਰੇਲਵੇ ਸਟੇਸ਼ਨ ਤੇ ਕਈ ਹੋਰ ਧਾਰਮਿਕ ਸਥਾਨਾਂ ਨੂੰ ਉਡਾਉਣ ਦੀ ਦਿੱਤੀ ਗਈ ਧਮਕੀ ਅਫਵਾਹ ਸਾਬਤ ਹੋਈ ਹੈ। ਲੁਧਿਆਣਾ ਪੁਲੀਸ ਨੂੰ ਭੇਜੇ ਗਏ ਗੁੰਮਨਾਮ ਪੱਤਰ ਵਿੱਚ ਕਿਹਾ ਗਿਆ ਸੀ ਕਿ ਲੁਧਿਆਣਾ ਸਟੇਸ਼ਨ ਤੋਂ ਇਲਾਵਾ ਜਲੰਧਰ, ਫਗਵਾੜਾ, ਅੰਮ੍ਰਿਤਸਰ, ਪਠਾਨਕੋਟ, ਜੰਮੂ ਤਵੀ ਆਦਿ ਸਟੇਸ਼ਨਾਂ ਨੂੰ ਉਡਾਇਆ ਜਾਵੇਗਾ। ਇਸ ਵਿੱਚ 6 ਜੂਨ ਨੂੰ ਸਾਕਾ ਨੀਲਾ ਤਾਰਾ ਨੂੰ ਸਮਰਪਿਤ ਮਨਾਏ ਜਾਣ ਵਾਲੇ ਘੱਲੂਘਾਰਾ ਦਿਵਸ ਨੂੰ ਲੈ ਕੇ ਪੰਜਾਬ ਭਰ ’ਚ ਚੈਕਿੰਗ ਚੱਲ ਰਹੀ ਹੈ। ਇਸ ਸਬੰਧੀ ਅੱਜ ਵੀਡੀਓ ਵਾਇਰਲ ਹੋਈ ਸੀ, ਜੋ ਕਿ ਚਾਰ ਦਿਨ ਪੁਰਾਣੀ ਨਿਕਲੀ। ਜਾਣਕਾਰੀ ਮੁਤਾਬਕ ਇਸ ਪੱਤਰ ’ਚ ਲੁਧਿਆਣਾ ਸਟੇਸ਼ਨ ਨੂੰ 21 ਮਈ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਸੀ। ਹਾਲਾਂਕਿ ਲੁਧਿਆਣਾ ਸਟੇਸ਼ਨ ਡਾਇਰੈਕਟਰ ਨੂੰ ਇਹ ਚਿੱਠੀ ਹੀ 24 ਮਈ ਨੂੰ ਮਿਲੀ। 24 ਮਈ ਨੂੰ ਹੀ ਲੁਧਿਆਣਾ ਜੀਆਰਪੀ ਥਾਣੇ ’ਚ ਕੇਸ ਨੰ. 70 ਧਾਰਾ 153, 153-ਏ, 505-(1) ਬੀ ਤਹਿਤ ਅਣਪਛਾਤੇ ਖਿਲਾਫ਼ ਦਰਜ ਕਰ ਦਿੱਤਾ ਗਿਆ ਸੀ। ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਜ਼ਿਲ੍ਹਾ ਪੁਲੀਸ ਤੇ ਥਾਣਾ ਜੀਆਰਪੀ ਵੱਲੋਂ ਸਾਂਝੀ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਸੀ ਕਿ ਕੁਝ ਲੋਕਾਂ ਨੇ ਇਸ ਰੂਟੀਨ ਚੈਕਿੰਗ ਨੂੰ ਲੋਕਾਂ ਨੇ ਵੀਡੀਓ ਬਣਾ ਕੇ ਬੰਬ ਨਾਲ ਉਡਾਉਣ ਦੀ ਗੱਲ ਆਖ ਕੇ ਵਾਇਰਲ ਕਰ ਦਿੱਤੀ। ਡੀਐਸਪੀ ਬਲਰਾਮ ਰਾਣਾ ਨੇ ਕਿਹਾ ਕਿ ਧਮਕੀ ਦਾ ਮਾਮਲਾ ਪੁਰਾਣਾ ਹੈ। ਸਟੇਸ਼ਨ ਸੁਰੱਖਿਅਤ ਹੈ, 24 ਘੰਟੇ ਚੈਕਿੰਗ ਚੱਲ ਰਹੀ ਹੈ।