ਪੱਤਰ ਪ੍ਰੇਰਕ
ਜਗਰਾਉਂ, 20 ਅਗਸਤ
ਸਾਹਿਤ ਸਭਾ ਦੀ ਮਹੀਨਾਵਾਰ ਇਕੱਤਰਤਾ ਸਭਾ ਦੇ ਪ੍ਰਧਾਨ ਅਵਤਾਰ ਜਗਰਾਉਂ ਦੀ ਪ੍ਰਧਾਨਗੀ ਹੇਠ ਹੋਈ ਜੋ ਜਗਰਾਉਂ ਸ਼ਹਿਰ ਦੀ ਸਾਹਿਤ, ਸਮਾਜ ਅਤੇ ਰਾਜਨੀਤਕ ਪੱਖਾਂ ਨੂੰ ਪ੍ਰਣਾਈ ਸ਼ਖ਼ਸੀਅਤ ਸਿਰਦਾਰ ਕਪੂਰ ਸਿੰਘ ਆਈਸੀਐੱਸ ਨੂੰ ਸਮਰਪਿਤ ਰਹੀ। ਇਸ ਮੌਕੇ ਸਭਾ ਦੀ ਮੀਟਿੰਗ ਦਾ ਆਰੰਭ ਕਰਦਿਆਂ ਅਵਤਾਰ ਜਗਰਾਉਂ ਨੇ ਸਿਰਦਾਰ ਕਪੂਰ ਸਿੰਘ ਵੱਲੋਂ ਸਾਹਿਤਕ, ਸੱਭਿਆਚਾਰਕ, ਸਮਾਜਿਕ ਤੇ ਰਾਜਨੀਤਕ ਖੇਤਰ ’ਚ ਕੀਤੀਆਂ ਸੇਵਾਵਾਂ ਨੂੰ ਯਾਦ ਕੀਤਾ। ਉਨ੍ਹਾਂ ਵੱਲੋਂ ਪੰਜਾਬੀ, ਹਿੰਦੀ, ਅੰਗਰੇਜ਼ੀ, ਉਰਦੂ, ਸੰਸਕ੍ਰਿਤ ਤੇ ਫਾਰਸੀ ਆਦਿ ਭਾਸ਼ਾਵਾਂ ਵਿੱਚ ਲਿਖੀਆਂ ਪੁਸਤਕਾਂ ਵਿਚਲੀਆਂ ਊਸਾਰੂ ਤੇ ਸਾਰਥਕ ਵਿਸ਼ੇਸ਼ਤਾਵਾਂ ਉੱਤੇ ਸੰਵਾਦ ਸ਼ੁਰੂ ਕਰਵਾਇਆ।
ਸਮਾਗਮ ਦੇ ਅਗਲੇ ਪੜਾਅ ’ਚ ਸਾਹਿਤ ਸਭਾ ਦੇ ਮੈਂਬਰ ਅਰਸ਼ਦੀਪਪਾਲ ਸਿੰਘ ਦੇ ਮਾਤਾ ਜੀ ਦੇ ਵਿਛੋੜੇ ’ਤੇ ਦੋ ਮਿੰਟ ਦਾ ਮੌਨ ਧਾਰਨ ਕਰ ਕੇ ਸ਼ੋਕ ਪ੍ਰਗਟ ਕੀਤਾ ਗਿਆ। ਸਭਾ ਦੇ ਮੈਂਬਰਾਂ ਨੇ ਕੋਲਕਾਤਾ ਵਿੱਚ ਮਹਿਲਾ ਡਾਕਟਰ ਨਾਲ ਅਣ-ਮਨੁੱਖੀ ਵਿਵਹਾਰ ਉਪਰੰਤ ਕੀਤੇ ਕਤਲ ਦੀ ਨਿਖੇਧੀ ਕਰਦਿਆਂ ਕਥਿਤ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕੀਤੀ ਗਈ। ਇਸ ਦੌਰਾਨ ਸਾਹਿਤਕ ਸ਼ਖ਼ਸੀਅਤਾਂ ਵੱਲੋਂ ਲੇਖਕ ਭੁਪਿੰਦਰ ਧਾਲੀਵਾਲ ਦੀ ਗਿਆਰਵੀਂ ਪੁਸਤਕ ‘ਸਫ਼ਲ ਜੀਵਨ ਦਾ ਰਹੱਸ’ ਲੋਕ ਅਰਪਣ ਕੀਤੀ ਗਈ।
ਸਮਾਗਮ ਦੇ ਅਗਲੇ ਪੜਾਅ ’ਚ ਰਚਨਾਵਾਂ ਦੀ ਸ਼ੁਰੂਆਤ ਕਰਦਿਆਂ ਜਗਜੀਤ ਸੰਧੂ ਨੇ ਗੀਤ ਅਤੇ ਗਜ਼ਲ, ਮੇਜਰ ਸਿੰਘ ਛੀਨਾ ਨੇ ਗੀਤ ‘ਸੰਨ ਸੰਤਾਲੀ ਦਾ ਸੰਤਾਪ’, ਹਰਬੰਸ ਅਖਾੜਾ ਨੇ ਕਵਿਤਾ ‘ਕੀ ਕੀ ਦੱਸਾਂ?’, ਭੁਪਿੰਦਰ ਚੌਂਕੀਮਾਨ ਨੇ ਕਵਿਤਾ ‘ਨਿੱਜ ਤੇ ਪਦਾਰਥ’, ਹਰਕੋਮਲ ਬਰਿਆਰ ਨੇ ਗੀਤ ‘ਖਤ ਸੱਜਣਾਂ ਨੇ ਪਾਇਆ’, ਗੁਰਜੀਤ ਸਹੋਤਾ ਨੇ ‘ਅੰਬਰਾਂ ਨੂੰ ਲਾਉਣਗੇ ਟਾਕੀ’ ਗਜ਼ਲ, ਗੁਰਦੀਪ ਨੇ ਕਹਾਣੀ, ਅਜੀਤ ਪਿਆਸਾ ਨੇ ਕਵਿਤਾ, ਅਵਤਾਰ ਜਗਰਾਉਂ ਨੇ ਕਵਿਤਾ ‘ਸੋਨ ਚਿੜੀ- ਮੈਂ ਕੁੱਝ ਹੋਰ ਨਹੀਂ ਕਹਿੰਦਾ’ ਅਤੇ ਪ੍ਰੋ. ਕਰਮ ਸਿੰਘ ਸੰਧੂ ਨੇ ਕਵਿਤਾ ਪੜ੍ਹ ਕੇ ਆਪਣੀ ਹਾਜ਼ਰੀ ਲਗਵਾਈ।