ਖੇਤਰੀ ਪ੍ਰਤੀਨਿਧ
ਲੁਧਿਆਣਾ, 15 ਜੂਨ
ਕਈ ਸਾਲ ਪਹਿਲਾਂ ਹਰ ਘਰ ਵਿੱਚ ਪਿੱਤਲ ਦੇ ਭਾਂਡਿਆਂ ਦੀ ਗਿਣਤੀ ਵੱਧ ਹੋਣ ਕਰਕੇ ਇਸ ਨੂੰ ਕਲੀ ਕਰਨ ਵਾਲਿਆਂ ਦਾ ਕੰਮ ਵੀ ਜ਼ੋਰਾਂ ’ਤੇ ਸੀ। ਜਿਉਂ ਜਿਉਂ ਸਟੀਲ ਦੇ ਭਾਂਡਿਆਂ ਨੇ ਪੈਰ ਪਸਾਰੇ ਲੋਕਾਂ ਨੇ ਪਿੱਤਲ ਦੇ ਭਾਂਡੇ ਵੇਚ ਦਿੱਤੇ ਅਤੇ ਕਲੀ ਕਰਨ ਵਾਲਿਆਂ ਦਾ ਕੰਮ ਪੂਰੀ ਤਰ੍ਹਾਂ ਚੋਪਟ ਹੋ ਗਿਆ। ਹੁਣ ਇਨਾਂ ਨੂੰ ਆਪਣੇ ਢਿੱਡ ਭਰਨ ਲਈ ਕਈ ਕਈ ਕਿਲੋਮੀਟਰ ਦੂਰ ਆ ਜਾ ਕੇ ਕੰਮ ਕਰਨਾ ਪੈ ਰਿਹਾ ਹੈ।
ਅੱਜ ਲੁਧਿਆਣਾ ਦੇ ਜਮਾਲਪੁਰ ਨੇੜੇ ਮੁਹੱਲੇ ਵਿੱਚ ਪਿੱਤਲ ਦੇ ਭਾਂਡੇ ਕਲੀ ਕਰਨ ਆਏ ਨੀਲਾ ਰਾਮ ਨੇ ਦੱਸਿਆ ਕਿ ਉਸ ਦੇ ਬਜ਼ੁਰਗ ਪਿੱਤਲ ਦੇ ਭਾਂਡਿਆਂ ਨੂੰ ਕਲੀ ਕਰਕੇ ਹੀ ਆਪਣਾ ਗੁਜ਼ਾਰਾ ਕਰਦੇ ਸਨ ਅਤੇ ਉਨ੍ਹਾਂ ਤੋਂ ਹੀ ਉਸ ਨੂੰ ਇਹ ਲਾਗ ਲੱਗੀ ਸੀ। ਪਰ ਹੁਣ ਸਟੀਲ ਦੇ ਭਾਂਡਿਆਂ ਨੇ ਉਨ੍ਹਾਂ ਦਾ ਧੰਦਾ ਠੱਪ ਕਰ ਦਿੱਤਾ ਹੈ। ਨੀਲੇ ਨੇ ਦੱਸਿਆ ਕਿ ਭਾਂਡੇ ਕਲੀ ਕਰਨ ਤੋਂ ਇਲਾਵਾ ਹੋਰ ਕੋਈ ਕੰਮ ਸਿੱਖਿਆ ਨਾ ਹੋਣ ਕਰਕੇ ਉਸ ਨੂੰ ਕਲੀ ਕਰਨ ਵਾਲੇ ਭਾਂਡਿਆਂ ਦੀ ਭਾਲ ਲਈ ਕਈ ਕਈ ਕਿਲੋਮੀਟਰ ਦੂਰ ਜਾਣਾ ਪੈਂਦਾ ਹੈ।
ਉਹ ਹਰਿਆਣਾ ਦੇ ਨੇੜੇ ਰਤੀਆ ਪਿੰਡ ਦਾ ਰਹਿਣ ਵਾਲਾ ਹੈ ਅਤੇ ਅੱਜ ਉਹ ਲੁਧਿਆਣਾ ਵਿੱਚ ਭਾਂਡੇ ਕਲੀ ਕਰਨ ਆਇਆ ਹੈ। ਉਸ ਨੇ ਮੰਨਿਆਂ ਕਿ ਪਿੱਤਲ ਦੇ ਭਾਂਡਿਆਂ ਵਿੱਚ ਖਾਣਾ ਬਣਾਉਣ ਨਾਲ ਕਈ ਬਿਮਾਰੀਆਂ ਤੋਂ ਛੁਟਕਾਰਾ ਹੋ ਜਾਂਦਾ ਸੀ ਪਰ ਅਫਸੋੋਸ ਲੋਕ ਆਧੁਨਿਕਤਾ ਦੇ ਨਾਂ ’ਤੇ ਸਟੀਲ ਦੇ ਭਾਂਡਿਆਂ ਨਾਲ ਕਈ ਬਿਮਾਰੀਆਂ ਸਹੇੜ ਰਹੇ ਹਨ।