ਗਗਨਦੀਪ ਅਰੋੜਾ
ਲੁਧਿਆਣਾ, 10 ਫਰਵਰੀ
ਸਨਅਤੀ ਸ਼ਹਿਰ ਵਿੱਚ ਆਉਣ ਵਾਲੇ ਲੋਕਾਂ ਸਣੇ ਸ਼ਹਿਰਵਾਸੀਆਂ ਨੂੰ ਅੱਜ ਵੱਡੀ ਰਾਹਤ ਮਿਲੀ ਹੈ। ਫਿਰੋਜ਼ਪੁਰ ਰੋਡ ਚੁੰਗੀ ਤੋਂ ਲੈ ਕੇ ਬੱਸ ਅੱਡੇ ਤੱਕ ਬਣਨ ਵਾਲਾ 14 ਕਿੱਲੋਮੀਟਰ ਲੰਮੇ ਐਲੀਵੇਟਿਡ ਪੁਲ ਦਾ ਕੰਮ ਅੱਜ ਪੂਰਾ ਹੋਣ ਤੋਂ ਬਾਅਦ ਆਖ਼ਰ ਲੋਕਾਂ ਦੀ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ ਹੈ। ਇਸ ਪ੍ਰਾਜੈਕਟ ਦਾ ਆਖ਼ਰੀ ਪੜਾਅ ਭਾਰਤ ਨਗਰ ਚੌਕ ਤੋਂ ਬੱਸੇ ਅੱਡੇ ਦੇ ਵੱਲ ਜਾਣ ਵਾਲਾ ਹਿੱਸਾ ਵੀ ਖੋਲ੍ਹ ਦਿੱਤਾ ਗਿਆ ਹੈ।
ਇਸ ਤੋਂ ਬਾਅਦ ਹੁਣ ਪਾਣੀਪਤ ਵਾਂਗ ਲੁਧਿਆਣਾ ਸ਼ਹਿਰ ਵੀ ਐਲੀਵੇਟਿਡ ਪੁਲ ਰਾਹੀਂ ਪਾਰ ਹੋ ਜਾਏਗਾ। ਫਿਰੋਜ਼ਪੁਰ ਰੋਡ ਚੁੰਗੀ ਤੋਂ ਲੈ ਕੇ ਬੱਸ ਅੱਡੇ ਜਾਂ ਫਿਰ ਜਗਰਾਉਂ ਪੁੱਲ ਤੱਕ 14 ਕਿੱਲੋਮੀਟਰ ਦਾ ਸਫ਼ਰ ਜੋ 40 ਮਿੰਟ ਵਿੱਚ ਤੈਅ ਹੁੰਦਾ ਸੀ, ਜਿਸ ਲਈ ਹੁਣ ਸਿਰਫ 10 ਮਿੰਟ ਹੀ ਲੱਗਣਗੇ। ਇਸ ਪੂਰੇ ਸਫ਼ਰ ਵਿੱਚ ਲੋਕਾਂ ਨੂੰ ਕਿਸੇ ਵੀ ਥਾਂ ’ਤੇ ਰੁੱਕਣਾ ਨਹੀਂ ਪੋਵੇਗਾ। ਜਦਕਿ ਇਸ ਤੋਂ ਪਹਿਲਾਂ ਇਸ ਏਰੀਆ ਵਿੱਚ 10 ਤੋਂ ਜ਼ਿਆਦਾ ਲਾਲ ਬੱਤੀਆਂ ਵੀ ਸਨ। ਇਸ ਪ੍ਰਾਜੈਕਟ ’ਤੇ ਕੁੱਲ 756 ਕਰੋੜ ਰੁਪਏ ਖ਼ਰਚ ਆਇਆ ਹੈ, ਜੋ ਕਿ 6 ਸਾਲਾਂ ਵਿੱਚ ਪੂਰਾ ਹੋਇਆ ਹੈ। ਐਲੀਵੇਟਿਡ ਪੁਲ ਦੀ ਚੌੜਾਈ 25 ਮੀਟਰ ਹੈ ਅਤੇ ਇਸ ਨੂੰ ਬਣਾਉਣ ਦਾ ਪ੍ਰਾਜੈਕਟ ਪਿਛਲੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਾ ਸਰਕਾਰ ਨੇ ਕੀਤਾ ਸੀ। ਫਿਰ ਸਰਕਾਰ ਬਦਲਣ ਤੋਂ ਬਾਅਦ ਇਸ ਦੀ ਸ਼ੁਰੂਆਤ ਅਕਤੂਬਰ 2017 ਵਿੱਚ ਕਾਂਗਰਸ ਸਰਕਾਰ ਨੇ ਕੀਤਾ ਸੀ। ਪ੍ਰਾਜੈਕਟ ਨੂੰ ਪੂਰਾ ਕਰਨ ਦੇ ਲਈ ਵਾਰ ਵਾਰ ਡੈਡਲਾਈਨਾਂ ਦਿੱਤੀਆਂ ਗਈਆਂ, ਪਰ ਇਸ ਪੁਲ ਨੂੰ ਬਣਨ ’ਚ 7 ਸਾਲ ਦਾ ਸਮਾਂ ਲੱਗ ਗਿਆ। 210 ਤੋਂ ਜ਼ਿਆਦਾ ਪਿੱਲਰਾਂ ’ਤੇ ਇਹ ਪੁਲ ਬਣਿਆ ਹੈ ਅਤੇ ਇਹ ਪੁੱਲ ਬਰਸਾਤੀ ਪਾਣੀ ਦੀ ਨਿਕਾਸੀ ਲਈ ਵੀ ਵਾਟਰ ਹਾਰਵੇਸਟਿੰਗ ਸਿਸਟਮ ਨਾਲ ਲੈਸ ਹੈ। ਹਰ ਪੰਜ ਪਿੱਲਰਾਂ ਦੇ ਹੇਠਾਂ ਇੱਕ ਵਾਟਰ ਰਿਚਾਰਜ ਵੈੱਲ ਹੈ। ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਦਾ ਅਨੁਮਾਨ ਹੈ ਕਿ ਇਸ ਨਾਲ ਹਰ ਸਾਲ ਮੀਂਹ ਦਾ ਕਰੀਬ ਕਰੋੜਾਂ ਲਿਟਰ ਪਾਣੀ ਜ਼ਮੀਨ ਦੇ ਅੰਦਰ ਜਾਵੇਗਾ।
ਜਗਰਾਉਂ ਪੁਲ ਤੋਂ ਆਉਣ ਅਤੇ ਜਾਣ ਵੇਲੇ ਲੱਗਣ ਵਾਲੇ ਜਾਮ ਤੋਂ ਮਿਲੇਗਾ ਛੁਟਕਾਰਾ
ਐਲੀਵੇਟਿਡ ਪੁਲ ਦੀ ਉਸਾਰੀ ਸਮੇਂ ਬੱਸ ਅੱਡੇ ਤੋਂ ਬੱਸਾਂ ਦਾ ਰੂਟ ਬਦਲ ਦਿੱਤਾ ਗਿਆ ਸੀ। ਰੂਟ ਬਦਲਣ ਕਾਰਨ ਬੱਸਾਂ ਨੂੰ ਦੂਸਰੇ ਇਲਾਕੇ ਭੇਜਿਆ ਜਾਂਦਾ ਸੀ ਅਤੇ ਬੱਸਾਂ ’ਚ ਸਫ਼ਰ ਕਰਨ ਵਾਲੇ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਹੁਣ ਟਰੈਫਿਕ ਜਾਮ ਨਾਲ ਲੋਕਾਂ ਨੂੰ ਕਾਫ਼ੀ ਰਾਹਤ ਮਿਲੇਗੀ। ਭਾਰਤ ਨਗਰ ਚੌਕ ਦੇ ਉਪਰ ਪੁਲ ਬਣਨ ਨਾਲ ਜਗਰਾਉਂ ਪੁਲ ਤੋਂ ਆਉਣ ਵਾਲੇ ਅਤੇ ਜਾਣ ਵਾਲੇ ਟਰੈਫਿਕ ਜਾਮ ਨੂੰ ਰਾਹਤ ਮਿਲੇਗੀ, ਉੱਥੇ ਹੀ ਆਸਪਾਸ ਦੀਆਂ ਗਲੀਆਂ ’ਚੋਂ ਆਉਣ ਵਾਲੇ ਵਾਹਨਾਂ ਦੇ ਸੜਕ ’ਤੇ ਜਾਣ ਤੇ ਲੋਕਾਂ ਨੂੰ ਰਾਹਤ ਮਿਲੇਗੀ। ਸ਼ਹਿਰ ਦੇ ਆਰਤੀ ਚੌਕ, ਭਾਈ ਬਾਲਾ ਚੌਕ, ਜਗਰਾਉਂ ਪੁਲ, ਮਾਤਾ ਰਾਣੀ ਚੌਕ, ਬੱਸ ਅੱਡੇ ਤੇ ਕੋਚਰ ਮਾਰਕੀਟ ਚੌਕ ’ਤੇ ਵੀ ਜਾਮ ਤੋਂ ਛੁਟਕਾਰਾ ਮਿਲੇਗਾ।