ਦੇਵਿੰਦਰ ਸਿੰਘ ਜੱਗੀ
ਪਾਇਲ, 17 ਜੁਲਾਈ
ਚਾਰ ਜ਼ਿਲ੍ਹਿਆਂ ਦੀ ਹੱਦ ’ਤੇ ਪੈਂਦੇ ਜੌੜੇਪੁਲ ਨਹਿਰ ਦੇ ਪੁਰਾਤਨ ਪੁਲਾਂ ਦੀਆਂ ਕੰਧਾਂ ’ਤੇ ਰੇਲਿੰਗ ਪਿਛਲੇ ਕਾਫੀ ਸਮੇ ਤੋਂ ਟੁੱਟੀਆਂ ਪਈਆਂ ਹਨ, ਪਰ ਸਬੰਧਿਤ ਮਹਿਕਮਾ ਪਤਾ ਨਹੀਂ ਕਿਸ ਹਾਦਸੇ ਦੀ ਉਡੀਕ ਕਰ ਰਿਹਾ ਹੈ।
ਜੌੜੇਪੁਲ ਸਥਿਤ ਪੁਰਾਤਨ ਪੁਲ ਦੀ ਇਹ ਟੁੱਟੀ ਕੰਧ ਖੰਨਾ ਸਾਈਡ ਠੇਕੇ ਦੇ ਬਿਲਕੁਲ ਸਾਹਮਣੇ ਕੂਹਣੀ ਮੋੜ ਤੇ ਪੈਂਦੀ ਹੈ ਅਤੇ ਇਸ ਮੁੱਖ ਸੜਕ ’ਤੇ 24 ਘੰਟੇ ਪੂਰੀ ਆਵਾਜਾਈ ਰਹਿੰਦੀ ਹੈ, ਜਿਸ ਕਾਰਨ ਰਾਤ ਦੇ ਹਨੇਰੇ ’ਚੋਂ ਇੱਥੇ ਕੋਈ ਵੀ ਅਣਜਾਣ ਰਾਹਗੀਰ ਜਾਂ ਵਾਹਨ ਹਾਦਸਾਗ੍ਰਸਤ ਹੋ ਸਕਦਾ। ਠੇਕੇ ’ਤੇ ਆਉਣ ਵਾਲੇ ਲੋਕ ਵੀ ਰਾਤ ਦੇ ਹਨੇਰੇ
’ਚ ਕਿਸੇ ਵੀ ਦੁਰਘਟਨਾ ਦਾ ਸ਼ਿਕਾਰ ਹੋ ਸਕਦੇ ਹਨ। ਇਸੇ ਤਰ੍ਹਾਂ ਪੁਲ ਤੋਂ ਖੰਨਾ ਵੱਲ ਨੂੰ ਮੁੜਨ ਸਮੇਂ ਪੁਲਾਂ ਦੇ ਨਾਲ ਨਹਿਰ ਕੋਲ ਲੱਗੀ ਲੋਹੇ ਦੀ ਰੇਲਿੰਗ ਵੀ ਟੁੱਟੀ ਪਈ ਹੈ। ਮਾਲੇਰਕੋਟਲਾ ਸਾਈਡ ਨਹਿਰੀ ਮਹਿਕਮੇ ਦੇ ਦਫਤਰ ਦੇ ਸਾਹਮਣੇ ਕੂਹਣੀ ਮੋੜ ’ਚ ਪੁਲ ਦੀਆਂ ਕੰਧਾਂ ਨੂੰ ਤਰੇੜਾਂ ਪਈਆਂ ਹਨ, ਇਹ ਕਿਸੇ ਭਾਰੇ ਵਾਹਨ ਨਾਲ ਕਿਸੇ ਸਮੇਂ ਵੀ ਡਿੱਗ ਸਕਦੀਆਂ ਹਨ, ਪਰ ਸਬੰਧਤ ਮਹਿਕਮਾ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਸਾਬਕਾ ਸਰਪੰਚ ਜਗਤਾਰ ਸਿੰਘ ਮੁੱਲਾਂਪੁਰ, ਸਾਬਕਾ ਸਰਪੰਚ ਦਰਸ਼ਨ ਸਿੰਘ ਮਲਕਪੁਰ, ਸਾਬਕਾ ਉੱਪ ਚੇਅਰਮੈਨ ਜਸਕਰਨਜੀਤ ਸਿੰਘ ਪਿੰਟੂ ਰੌਣੀ, ਸਰਪੰਚ ਰੁਪਿੰਦਰ ਸਿੰਘ ਗੋਲਡੀ ਭਰਥਲਾ ਰੰਧਾਵਾ, ਸਰਪੰਚ ਗੁਰਮੀਤ ਸਿੰਘ ਗੋਲੂ ਮੁੱਲਾਂਪੁਰ ਤੇ ਪੰਚ ਰੋਬਿਨ ਮੁੱਲਾਂਪੁਰ ਨੇ ਕਿਹਾ ਕਿ ਜੌੜੇਪੁਲ ਦੇ ਪੁਰਾਤਨ ਪੁਲ ਦੀ ਕੰਧਾਂ ਅਤੇ ਰੇਲਿੰਗਾਂ ਪਿਛਲੇ ਕਾਫੀ ਸਮੇ ਤੋਂ ਟੁੱਟੀਆਂ ਪਈਆਂ ਹਨ, ਜਿਸ ਕਾਰਨ ਕੋਈ ਵੀ ਅਣਸੁਖਾਵੀ ਘਟਨਾ ਵਾਪਰ ਸਕਦੀ ਹੈ। ਉਕਤ ਪਤਵੰਤਿਆਂ ਨੇ ਸਬੰਧਿਤ ਮਹਿਕਮੇ ਤੋਂ ਪੁਰਜ਼ੋਰ ਮੰਗ ਕੀਤੀ ਕਿ ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਤੁਰੰਤ ਪੁਲ ਦੀ ਕੰਧ ਅਤੇ ਰੇਲਿੰਗ ਦੀ ਮੁਰੰਮਤ ਕਰਵਾਈ ਜਾਵੇ ਅਤੇ ਪੁਲ ’ਤੇ ਲਾਈਟਾਂ ਲਗਾਈਆਂ ਜਾਣ।
ਜਦੋਂ ਇਸ ਸਬੰਧੀ ਨਹਿਰੀ ਮਹਿਕਮੇ ਦੇ ਐਕਸੀਅਨ ਅਤਿੰਦਰਪਾਲ ਸਿੰਘ ਸਿੱਧੂ ਨਾਲ ਗੱਲ ਕੀਤੀ ਤਾ ਉਨ੍ਹਾਂ ਕਿਹਾ ਕਿ ਉਹ ਹੁਣੇ ਹੀ ਇੱਥੇ ਆਏ ਹਨ ਤੇ ਇਹ ਮਾਮਲਾ ਹੁਣ ਉਨ੍ਹਾਂ ਦੇ ਧਿਆਨ ’ਚ ਨਹੀਂ ਸੀ। ਉਹ ਜਲਦੀ ਹੀ ਇਸ ਦੀ ਰਿਪੇਅਰ ਅਤੇ ਰੰਗ ਕਰਵਾ ਕੇ ਰਿਫਲੈਕਟਰ ਲਗਵਾ ਦੇਣਗੇ।