ਡੀ ਪੀ ਐੱਸ ਬੱਤਰਾ
ਸਮਰਾਲਾ, 19 ਮਈ
ਇੱਥੇ ਸਾਬਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਦੇ ਸ਼ਰਾਬ ਦੇ ਠੇਕਿਆਂ ’ਤੇ ਕੰਮ ਕਰਦੇ 35 ਸਾਲਾਂ ਨੌਜਵਾਨ ਦੀ ਬੀਤੀ ਦੇਰ ਰਾਤ ਬੇਰਹਿਮੀ ਨਾਲ ਕੁੱਟਮਾਰ ਕਰ ਕੇ ਹੱਤਿਆ ਕਰ ਦਿੱਤੀ ਗਈ ਹੈ। ਮ੍ਰਿਤਕ ਦੀ ਪਛਾਣ ਯਾਦਵਿੰਦਰ ਸਿੰਘ ਵਾਸੀ ਪਿੰਡ ਮੁੱਤਿਓ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਯਾਦਵਿੰਦਰ ਰਾਤ ਕਰੀਬ 10 ਵਜੇ ਕਈ ਦਿਨਾਂ ਬਾਅਦ ਛੁੱਟੀ ਲੈ ਕੇ ਆਪਣੇ ਘਰ ਪਰਤ ਰਿਹਾ ਸੀ ਪਰ ਪਿੰਡ ਦੇ ਨੇੜੇ ਹੀ ਉਸ ਦਾ ਕਤਲ ਕਰ ਦਿੱਤਾ ਗਿਆ ਅਤੇ ਲਾਸ਼ ਦੂਰ ਖੇਤਾਂ ਵਿੱਚ ਸੁੱਟ ਦਿੱਤੀ ਗਈ। ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਯਾਦਵਿੰਦਰ ਸਿੰਘ (35), ਚਮਕੌਰ ਸਾਹਿਬ ਵਿੱਚ ਸ਼ਰਾਬ ਦੇ ਠੇਕੇ ’ਤੇ ਕਈ ਸਾਲਾਂ ਤੋਂ ਕੰਮ ਕਰਦਾ ਸੀ। ਉਹ ਕਰੀਬ 25 ਦਿਨਾਂ ਬਾਅਦ ਹੀ ਛੁੱਟੀ ਲੈ ਕੇ ਘਰ ਆਉਂਦਾ ਸੀ। ਰਾਤ ਕਰੀਬ 10 ਵਜੇ ਉਸ ਨੇ ਸਮਰਾਲਾ ਪਹੁੰਚ ਕੇ ਆਪਣੇ ਘਰ ਫੋਨ ਲਾ ਕੇ ਦੱਸਿਆ ਕਿ ਉਹ 10-15 ਮਿੰਟ ਵਿੱਚ ਘਰ ਪੁੱਜ ਰਿਹਾ ਅਤੇ ਇਹ ਵੀ ਪੁੱਛਿਆ ਕਿ ਉਹ ਬੱਚਿਆਂ ਲਈ ਖਾਣ ਲਈ ਕੀ ਲੈ ਕੇ ਆਵੇ? ਇਸ ਤੋਂ ਬਾਅਦ ਕਾਫੀ ਦੇਰ ਤੱਕ ਪਰਿਵਾਰ ਉਸ ਦੀ ਉਡੀਕ ਕਰਦਾ ਰਿਹਾ, ਪਰ ਜਦੋਂ ਉਹ ਘਰ ਨਾ ਪੁੱਜਾ ਤਾਂ ਉਸ ਦੀ ਭਾਲ ਸ਼ੁਰੂ ਕੀਤੀ ਗਈ। ਪਿੰਡ ਦੇ ਰਾਹ ’ਚ ਭਗਵਾਨਪੁਰਾ ਨੇੜੇ ਬੁਰੀ ਤਰ੍ਹਾਂ ਨਾਲ ਭੰਨਿਆ ਹੋਇਆ ਉਸ ਦਾ ਮੋਟਰਸਾਈਕਲ ਸੜਕ ਕੰਢੇ ਖੜ੍ਹਾ ਮਿਲਿਆ ਪਰ ਯਾਦਵਿੰਦਰ ਸਿੰਘ ਦਾ ਕੋਈ ਅਤਾ-ਪਤਾ ਨਹੀਂ ਲੱਗਾ। ਅੱਜ ਸਵੇਰੇ ਉਸ ਦੀ ਲਾਸ਼ ਪਿੰਡ ਭਗਵਾਨਪੁਰਾ ਦੇ ਖੇਤਾਂ ਵਿੱਚ ਪਈ ਹੋਈ ਮਿਲੀ ਅਤੇ ਨੇੜੇ ਹੀ ਲੱਕੜ ਦੇ ਕੁਝ ਹੱਥੇ ਅਤੇ ਡੰਡੇ ਪਏ ਹੋਏ ਵੀ ਬਰਾਮਦ ਹੋਏ। ਪਿੰਡ ਵਾਲਿਆਂ ਵੱਲੋਂ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ ਕਿ ਨਸ਼ੇੜੀ ਕਿਸਮ ਦੇ ਵਿਅਕਤੀਆਂ ਵੱਲੋਂ ਲੁੱਟ-ਖੋਹ ਕਰਨ ਦੀ ਵਜਾ ਨਾਲ ਇਹ ਕਤਲ ਕੀਤਾ ਹੋ ਸਕਦਾ ਹੈ। ਮ੍ਰਿਤਕ ਨੌਜਵਾਨ ਦੇ ਛੋਟੇ-ਛੋਟੇ ਤਿੰਨ ਬੱਚੇ ਹਨ ਅਤੇ ਪਰਿਵਾਰ ਦਾ ਗੁਜ਼ਾਰਾ ਉਸ ਦੇ ਸਿਰ ’ਤੇ ਹੀ ਸੀ। ਘਟਨਾ ਦਾ ਪਤਾ ਲੱਗਦਿਆਂ ਹੀ ਸਾਬਕਾ ਵਿਧਾਇਕ ਦੇ ਪੋਤੇ ਨਗਰ ਕੌਂਸਲ ਦੇ ਪ੍ਰਧਾਨ ਕਰਨਵੀਰ ਸਿੰਘ ਢਿੱਲੋਂ ਵੀ ਮੌਕੇ ’ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਨੌਜਵਾਨ ਬੜਾ ਮਿਹਨਤੀ ਸੀ ਅਤੇ 10-12 ਸਾਲਾਂ ਤੋਂ ਉਨ੍ਹਾਂ ਦੇ ਠੇਕਿਆਂ ’ਤੇ ਕੰਮ ਕਰ ਰਿਹਾ ਸੀ। ਫਿਲਹਾਲ ਪੁਲੀਸ ਨੇ ਲਾਸ਼ ਕਬਜ਼ੇ ਵਿੱਚ ਲੈ ਲਈ ਹੈ ਅਤੇ ਅਗਲੀ ਪੜਤਾਲ ਕੀਤੀ ਜਾ ਰਹੀ ਹੈ।