ਗਗਨਦੀਪ ਅਰੋੜਾ
ਲੁਧਿਆਣਾ, 1 ਦਸੰਬਰ
ਬੁੱਢੇ ਨਾਲੇ ਦੀ ਸਫ਼ਾਈ ਲਈ ਸਰਕਾਰ ਵੱਲੋਂ 650 ਕਰੋੜ ਰੁਪਏ ਦਾ ਪ੍ਰਾਜੈਕਟ ਤਿਆਰ ਕੀਤਾ ਗਿਆ। ਜਿਸਦੇ ਲਈ ਅੱਜ ਕੈਬਿਨੇਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਅਗਵਾਈ ਵਿੱਚ ਮੀਟਿੰਗ ਸੱਦੀ ਗਈ, ਜਿਸ ਵਿੱਚ ਇਸ ਪ੍ਰਾਜੈਕਟ ’ਤੇ ਚਰਚਾ ਕੀਤੀ। ਸਰਕਾਰ ਵੱਲੋਂ ਤਿਆਰ ਕੀਤੇ ਗਏ ਇਸ ਪ੍ਰਾਜੈਕਟ ’ਤੇ ਮੌਕੇ ’ਤੇ ਮੌਜੂਦ ਸਮਾਜਸੇਵੀਆਂ ਨੇ ਸਵਾਲ ਚੁੱਕੇ। ਉਧਰ, ਮੰਤਰੀ ਆਸ਼ੂ ਨੇ ਕਿਹਾ ਕਿ 650 ਕਰੋੜ ਰੁਪਏ ਦੇ ਬੁੱਢੇ ਨਾਲੇ ਦੇ ਕਾਇਆ-ਕਲਪ ਪ੍ਰਾਜੈਕਟ ਦੀ ਟੈਂਡਰ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਵਰਕ ਆਰਡਰ ਜਾਰੀ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਕੰਮ ਜਲਦ ਹੀ ਸ਼ੁਰੂ ਹੋ ਜਾਵੇਗਾ ਅਤੇ ਬਹੁਤ ਜਲਦ ਹੀ ਬੁੱਢਾ ਨਾਲਾ ਸਾਫ ਪਾਣੀ ਅਤੇ ਕਿਨਾਰਿਆਂ ਦੇ ਸੁੰਦਰੀਕਰਨ ਨਾਲ ਇਕ ਸਾਫ ਸੁਥਰਾ ਦਿੱਖ ਪੇਸ਼ ਕਰੇਗਾ। ਸਥਾਨਕ ਗੁਰੂ ਨਾਨਕ ਦੇਵ ਭਵਨ ਵਿੱਚ ਇਸ ਸਬੰਧੀ ਚਰਚਾ ਕਰਨ ਲਈ ਸੈਮੀਨਾਰ ਦੌਰਾਨ ਨਾਮਧਾਰੀ ਸੰਪਰਦਾ ਦੇ ਮੁਖੀ ਸਤਿਗੁਰੂ ਉਦੈ ਸਿੰਘ, ਵਿਧਾਇਕ ਰਾਕੇਸ਼ ਪਾਂਡੇ ਅਤੇ ਸੰਜੈ ਤਲਵਾੜ, ਮੇਅਰ ਬਲਕਾਰ ਸਿੰਘ ਸੰਧੂ, ਨਗਰ ਕੌਸਲਰ, ਪ੍ਰਮੁੱਖ ਸਕੱਤਰ ਸਥਾਨਕ ਸਰਕਾਰਾਂ, ਨਗਰ ਨਿਗਮ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਮੌਜੂਦ ਸਨ। ਇਸ ਮੌਕੇ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਬੁੱਢੇ ਨਾਲੇ ਦੇ ਲਗਭਗ 14 ਕਿਲੋਮੀਟਰ ਲੰਬੇ ਹਿੱਸੇ ਦੀ ਸਫਾਈ ਉਨ੍ਹਾਂ ਦੇ ਪ੍ਰਾਜੈਕਟਾਂ ਵਿੱਚ ਪ੍ਰਮੁੁੱਖ ਹੈ। ਇਸ ਮੌਕੇ ਪੀ.ਐਮ.ਆਈ.ਡੀ.ਸੀ. ਦੇ ਸੀ.ਈ.ਓ. ਅਜੌਏ ਸ਼ਰਮਾ ਨੇ ਇਸ ਪ੍ਰਾਜੈਕਟ ਸੰਬੰਧੀ ਵਿਸਤ੍ਰਿਤ ਪੇਸ਼ਕਾਰੀ ਦਿੱਤੀ ਅਤੇ ਇਸ ਪ੍ਰਾਜੈਕਟ ਸੰਬੰਧੀ ਵਸਨੀਕਾਂ, ਐੱਨਜੀਓਜ਼, ਉਦਯੋਗਪਤੀਆਂ ਆਦਿ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ।
ਸਮਾਜਸੇਵੀਆਂ ਨੇ ਚੁੱਕੇ ਅਫ਼ਸਰਾਂ ’ਤੇ ਸਵਾਲ
ਸੈਮੀਨਾਰ ਦੌਰਾਨ ਰਾਹੁਲ ਵਰਮਾ ਨੇ ਸਵਾਲ ਚੁੱਕੇ ਕਿ ਪ੍ਰਾਜੈਕਟ ਵਿੱਚ ਦੱਸਿਆ ਗਿਆ ਹੈ ਕਿ 275 ਐੱਮਐੱਲਡੀ ਦਾ ਐੱਸਟੀਪੀ ਪਲਾਂਟ ਲਗਾਇਆ ਜਾਣਾ ਹੈ, ਪਰ ਇਹ ਨਹੀਂ ਦੱਸਿਆ ਕਿ ਅਫ਼ਸਰਾਂ ਨੇ ਕਿਵੇਂ ਮਾਪਿਆ ਕਿ ਬੁੱਢੇ ਨਾਲੇ ਨੇੜੇ ਨਵੇਂ ਪਲਾਂਟ ਲਈ 275 ਐੱਮਐੱਲਡੀ ਦੀ ਲੋੜ ਹੈ। ਹੋਰ ਸਮਾਜਸੇਵੀਆਂ ਨੇ ਸਵਾਲ ਚੁੱਕੇ ਕਿ ਸ਼ਹਿਰ ਵਿੱਚ ਸਟੋਰਮ ਸੀਵਰ ਨਹੀਂ ਹੈ, ਇਸ ਕਾਰਨ ਬਰਸਾਤਾਂ ਦਾ ਪਾਣੀ ਬੁੱਢੇ ਨਾਲੇ ਵਿੱਚ ਕਿਵੇਂ ਜਾਣਾ ਹੈ, ਉਸ ਬਾਰੇ ਵੀ ਸਪੱਸ਼ਟ ਨਹੀਂ ਕੀਤਾ ਗਿਆ।