ਜੋਗਿੰਦਰ ਸਿੰਘ ਓਬਰਾਏ
ਖੰਨਾ, 3 ਜੂਨ
ਇੱਥੋਂ ਦੇ ਸ਼ਮਸ਼ਾਨਘਾਟ ਵਿੱਚ ਚਿਖਾਵਾਂ ਤੋਂ ਹੱਡੀਆਂ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲੀਸ ਨੇ ਰਿੰਕੂ ਲਖੀਆ ਵਾਸੀ ਖੰਨਾ ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਸ਼ਮਸ਼ਾਨਘਾਟ ਦੇ ਮੁਲਾਜ਼ਮ ਨਿਰਮਲ ਸਿੰਘ ਉਰਫ਼ ਨਿੰਮਾ ਤੇ ਉਸ ਦੇ ਪੁੱਤਰ ਜਸਵਿੰਦਰ ਸਿੰਘ ਸਮੇਤ ਅਣਪਛਾਤੇ ਤਾਂਤਰਿਕ ਦੇ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲੀਸ ਨੇ ਮੁਲਜ਼ਮ ਪਿਓ-ਪੁੱਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦੋਂ ਕਿ ਤਾਂਤਰਿਕ ਹਾਲੇ ਫਰਾਰ ਹੈ। ਸ਼ਿਕਾਇਤਕਰਤਾ ਰਿੰਕਾ ਲਖੀਆ ਨੇ ਪੁਲੀਸ ਨੂੰ ਦੱਸਿਆ ਕਿ ਉਸ ਦੇ ਪੁੱਤਰ ਦੀਪਕ (18) ਦੀ 3 ਨਵੰਬਰ 2021 ਨੂੰ ਮੌਤ ਹੋ ਗਈ ਸੀ। ਇਸ ਦੌਰਾਨ ਸ਼ਮਸ਼ਾਨਘਾਟ ਵਿੱਚ ਸਸਕਾਰ ਕਰਨ ਉਪਰੰਤ 5 ਨਵੰਬਰ ਨੂੰ ਜਦੋਂ ਉਹ ਪੁੱਤਰ ਦੀਆਂ ਅਸਥੀਆਂ ਲੈਣ ਸ਼ਮਸ਼ਾਨਘਾਟ ਗਏ ਤਾਂ ਉਥੋਂ ਹੱਡੀਆਂ ਗਾਇਬ ਸਨ। ਪਤਾ ਲੱਗਣ ’ਤੇ ਕਿਸੇ ਨੇ ਕੋਈ ਤਸੱਲੀਬਖਸ਼ ਜਵਾਬ ਨਾ ਦਿੱਤਾ। ਇਸ ਮਗਰੋਂ ਉਸ ਨੇ ਸ਼ਮਸ਼ਾਨਘਾਟ ਦੇ ਇੰਚਾਰਜ ਨਿਰਮਲ ਸਿੰਘ ਨਾਲ ਦੋਸਤੀ ਵਧਾ ਲਈ ਅਤੇ ਇਕ ਦਿਨ ਉਸ ਕੋਲੋਂ ਇਕ ਨੌਜਵਾਨ ਦੀ ਹੱਡੀ ਮੰਗਦਿਆਂ 50 ਹਜ਼ਾਰ ਰੁਪਏ ਅੱਗੇ ਰੱਖ ਦਿੱਤੇ। ਪੈਸੇ ਸਾਹਮਣੇ ਦੇਖ ਕੇ ਨਿਰਮਲ ਨੇ ਉਸ ਤੋਂ ਐਡਵਾਂਸ ਵਿੱਚ ਇਕ ਹਜ਼ਾਰ ਰੁਪਏ ਲੈ ਲਏ। ਕਰੀਬ 3-4 ਦਿਨਾਂ ਉਪਰੰਤ ਸ਼ਮਸ਼ਾਨਘਾਟ ਦੇ ਮੁਲਾਜ਼ਮਾਂ ਨੇ ਸ਼ਿਕਾਇਤਕਰਤਾ ਨੂੰ ਸ਼ਮਸ਼ਾਨਘਾਟ ਵਿੱਚ ਬੁਲਾਇਆ ਅਤੇ ਮ੍ਰਿਤਕ ਦੀ ਖੋਪੜੀ ਦੀ ਹੱਡੀ ਦੇ ਨਾਲ-ਨਾਲ ਲੱਤ ਦੀ ਹੱਡੀ ਦੇਣ ਬਦਲੇ 21 ਹਜ਼ਾਰ ਰੁਪਏ ਦੀ ਮੰਗ ਕੀਤੀ। ਮੁਲਜ਼ਮਾਂ ਨੇ ਪੀੜਤ ਪਿਤਾ ਨੂੰ ਕਿਹਾ ਕਿ ਤਾਂਤਰਿਕ ਉਸ ਨੂੰ ਇਸ ਹੱਡੀ ਬਦਲੇ 51 ਹਜ਼ਾਰ ਰੁਪਏ ਦੇਣ ਲਈ ਤਿਆਰ ਸੀ ਪਰ ਸ਼ਹਿਰ ਵਾਸੀ ਹੋਣ ਕਾਰਨ ਉਸ ਨੂੰ ਹੱਡੀਆਂ ਦੇ ਕੇ ਆਪਣਾ ਵਾਅਦਾ ਨਿਭਾਇਆ ਹੈ। ਜਾਣਕਾਰੀ ਮੁਤਾਬਿਕ ਪੁਲੀਸ ਕੋਲ ਮੁਲਜ਼ਮਾਂ ਨੇ ਮੰਨਿਆ ਕਿ ਉਹ ਲੰਬੇ ਸਮੇਂ ਤੋਂ ਮਨੁੱਖੀ ਹੱਡੀਆਂ ਵੇਚਣ ਦਾ ਧੰਦਾ ਕਰ ਰਹੇ ਸਨ।