ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 28 ਜੂਨ
ਨੇੜਲੇ ਪਿੰਡ ਸੋਹੀਆਂ ’ਚ ਇਤਿਹਾਸਕ ਗੁਰਦੁਆਰਾ ਦੁਖ ਨਿਵਾਰਨ ਕੈਂਬਸਰ ਪਾਤਸ਼ਾਹੀ ਛੇਵੀਂ ਦੀ ਇਮਾਰਤ ਨੂੰ ਤਿੰਨ ਦਿਨ ਜਿੰਦੇ ਲਗਾ ਕੇ ਰੱਖਣ ਦਾ ਮਾਮਲਾ ਅੱਜ ਗਰਮਾ ਗਿਆ। ਪਿੰਡ ਦੀ ਪੰਚਾਇਤ ਦੇ ਫੈਸਲੇ ਅਨੁਸਾਰ ਇਹ ਜਿੰਦੇ ਲਾਏ ਗਏ ਸਨ ਜਿਸ ਦਾ ਦੂਜੀ ਧਿਰ ਨੇ ਵਿਰੋਧ ਕੀਤਾ ਜਿਸ ਤੋਂ ਬਾਅਦ ਸਥਿਤੀ ਤਣਾਅਪੂਰਨ ਹੋਈ। ਪਤਾ ਲੱਗਣ ’ਤੇ ਹਲਕਾ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ ’ਤੇ ਪਹੁੰਚੇ। ਇਨ੍ਹਾਂ ਸਾਰਿਆਂ ਦੇ ਸਾਂਝੇ ਯਤਨ ਤੋਂ ਬਾਅਦ ਜਿੰਦੇ ਖੋਲ੍ਹਣ ਦੀ ਸਹਿਮਤੀ ਬਣੀ ਜਿਸ ਨਾਲ ਮਾਹੌਲ ਸ਼ਾਂਤੀਪੂਰਨ ਹੋ ਗਿਆ। ਜ਼ਿਕਰਯੋਗ ਹੈ ਕਿ ਗੁਰਦੁਆਰੇ ਦੀ ਇਮਾਰਤ ਪੰਚਾਇਤੀ ਜ਼ਮੀਨ ’ਚ ਹੈ ਜਿਸ ਦੀ ਸਾਂਭ ਸੰਭਾਲ ਦਾ ਜਿੰਮਾ ਵੀ ਹਾਈ ਕੋਰਟ ਦੇ ਫ਼ੈਸਲੇ ਅਨੁਸਾਰ ਨਗਰ ਪੰਚਾਇਤ ਕੋਲ ਹੈ। ਪੰਚਾਇਤ ਨੇ ਗੁਰੂਘਰ ਦੀ ਇਮਾਰਤ ਨੂੰ ਜਿੰਦਾ ਲਗਾ ਦਿੱਤਾ ਸੀ ਜੋ ਤਿੰਨ ਦਿਨ ਨਾ ਖੋਲ੍ਹੇ ਜਾਣ ’ਤੇ ਨਗਰ ਨਿਵਾਸੀਆਂ ਨੇ ਪੰਚਾਇਤ ਦੇ ਇਸ ਫ਼ੈਸਲੇ ਦਾ ਵਿਰੋਧ ਕੀਤਾ। ਮਾਮਲਾ ਹਲਕਾ ਵਿਧਾਇਕ ਇਯਾਲੀ ਅਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਗਰੇਵਾਲ ਦੇ ਧਿਆਨ ’ਚ ਲਿਆਂਦਾ ਗਿਆ। ਇਸ ਦੌਰਾਨ ਆਗੂਆਂ, ਪ੍ਰਸ਼ਾਸਨ ਤੇ ਪਿੰਡ ਵਾਲਿਆਂ ਦੀ ਦੀ ਸਹਿਮਤੀ ਨਾਲ ਤਾਲੇ ਖੋਲ੍ਹੇ ਗਏ। ਇਸ ਮੌਕੇ ਥਾਣਾ ਸਦਰ ਇੰਚਾਰਜ ਇੰਸਪੈਕਟਰ ਜਸਪਾਲ ਸਿੰਘ ਵੀ ਮੌਕੇ ’ਤੇ ਮੌਜੂਦ ਸਨ। ਮੌਕੇ ’ਤੇ ਗ੍ਰੰਥੀ ਸੱਦ ਕੇ ਮਰਿਆਦਾ ਅਨੁਸਾਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨ ਮਗਰੋਂ ਅਰਦਾਸ ਹੋਈ। ਨਗਰ ਨਿਵਾਸੀ ਹਰਨੇਕ ਸਿੰਘ ਬੜਿੰਗ ਸਾਬਕਾ ਸਰਪੰਚ, ਸੁਖਦੇਵ ਸਿੰਘ, ਗੁਰਦੇਵ ਸਿੰਘ, ਪੰਚ ਗੁਰਮੀਤ ਸਿੰਘ, ਨਿਰਭੈ ਸਿੰਘ, ਸੂਬੇਦਾਰ ਸੁਖਜੀਤ ਸਿੰਘ ਆਦਿ ਇਸ ਮੌਕੇ ਮੌਜੂਦ ਸਨ। ਉਨ੍ਹਾਂ ਕਿਹਾ ਕਿ ਉਹ ਸ੍ਰੀ ਅਕਾਲ ਤਖਤ ’ਤੇ ਇਸ ਸਬੰਧੀ ਸ਼ਿਕਾਇਤ ਕਰਕੇ ਇਸ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕਰਨਗੇ।