ਗਗਨਦੀਪ ਅਰੋੜਾ
ਲੁਧਿਆਣਾ, 27 ਨਵੰਬਰ
ਇੱਥੇ ਨੂਰਵਾਲਾ ਰੋਡ ’ਤੇ ਸਥਿਤ ਹੌਜ਼ਰੀ ਕਾਰੋਬਾਰੀ ਸੰਭਵ ਜੈਨ ਨੂੰ ਉਸੇ ਦੀ ਕਾਰ ਵਿੱਚ ਅਗਵਾ ਕਰਨ ਤੋਂ ਬਾਅਦ ਸ਼ਹਿਰ ਵਿੱਚ ਘੁਮਾ ਕੇ ਗੋਲੀ ਮਾਰਨ ਦੇ ਮਾਮਲੇ ਵਿੱਚ ਲੁਧਿਆਣਾ ਪੁਲੀਸ ਦੇ ਹੱਥ ਵੱਡੀ ਸਫ਼ਲਤਾ ਲੱਗੀ ਹੈ। ਪੁਲੀਸ ਨੇ ਉੱਤਰਾਖੰਡ ਦੇ ਹਰਿਦੁਆਰ ਤੋਂ ਕਾਰੋਬਾਰੀ ਸੰਭਵ ਜੈਨ ਦੀ ਕਾਰ ਬਰਾਮਦ ਕਰਨ ਤੋਂ ਬਾਅਦ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ ਪਰ ਹਾਲੇ ਤੱਕ ਅਧਿਕਾਰਤ ਤੌਰ ’ਤੇ ਇਸ ਦੀ ਕੋਈ ਪੁਸ਼ਟੀ ਨਹੀਂ ਹੋਈ ਹੈ। ਕਈ ਦਿਨ ਬੀਤਣ ਦੇ ਬਾਵਜੂਦ ਪੁਲੀਸ ਦੇ ਸੀਨੀਅਰ ਅਧਿਕਾਰੀ ਇਸ ਮਾਮਲੇ ਵਿੱਚ ਚੁੱਪ ਧਾਰੀ ਬੈਠੇ ਹਨ। ਉੱਧਰ, ਸੂਤਰ ਦੱਸਦੇ ਹਨ ਕਿ ਇਸ ਮਾਮਲੇ ਵਿੱਚ ਪੁਲੀਸ ਦੋ ਮੁਲਜ਼ਮਾਂ ਤੱਕ ਪਹੁੰਚ ਚੁੱਕੀ ਹੈ।
ਪੁਲੀਸ ਇਸ ਮਾਮਲੇ ਵਿੱਚ ਆਉਣ ਵਾਲੇ ਦਿਨਾਂ ’ਚ ਵੱਡਾ ਖੁਲਾਸਾ ਕਰ ਸਕਦੀ ਹੈ। ਇਸ ਮਾਮਲੇ ’ਚ ਹਾਲੇ ਕੁਝ ਲੋਕ ਫ਼ਰਾਰ ਦੱਸੇ ਜਾ ਰਹੇ ਹਨ, ਜਿਨ੍ਹਾਂ ਦਾ ਪਤਾ ਲਾਉਣ ਵਿੱਚ ਪੁਲੀਸ ਟੀਮਾਂ ਲਗਾਤਾਰ ਲੱਗੀਆਂ ਹੋਈਆਂ ਹਨ। ਉਨ੍ਹਾਂ ਦੇ ਵਿਦੇਸ਼ ਭੱਜਣ ਦਾ ਵੀ ਸ਼ੱਕ ਸੀ, ਇਸ ਲਈ ਪੁਲੀਸ ਵੱਲੋਂ ਨੇਪਾਲ ਸਰਹੱਦ ’ਤੇ ਵੀ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਤਾਂ ਜੋ ਕੋਈ ਵੀ ਵੈਰੀਫਿਕੇਸ਼ਨ ਤੋਂ ਬਿਨਾਂ ਦੇਸ਼ ਨਾ ਛੱਡ ਸਕੇ।
ਉੱਧਰ, ਪੁਲੀਸ ਨੇ ਲਗਾਤਾਰ ਸੰਭਵ ਜੈਨ ਦੇ ਪਰਿਵਾਰ ਨਾਲ ਵੀ ਸੰਪਰਕ ਸਾਧਿਆ ਹੋਇਆ ਹੈ ਅਤੇ ਉਨ੍ਹਾਂ ਨੂੰ ਲਗਾਤਾਰ ਭਰੋਸਾ ਦਿੱਤਾ ਜਾ ਰਿਹਾ ਹੈ ਕਿ ਜਲਦੀ ਹੀ ਇਸ ਮਾਮਲੇ ਵਿੱਚ ਵੱਡਾ ਖੁਲਾਸਾ ਹੋ ਸਕਦਾ ਹੈ। ਸ਼ੱਕ ਹੈ ਕਿ ਇਸ ਮਾਮਲ ’ਚ ਪੁਲੀਸ ਦੇ ਹੱਥ ਕਈ ਸਬੂਤ ਲੱਗੇ ਹਨ। ਪੁਲੀਸ ਵਿਭਾਗ ਦੇ ਸੂਤਰਾਂ ਦੀ ਮੰਨੀਏ ਤਾਂ ਪੁਲੀਸ ਦੇ ਅਧਿਕਾਰੀਆਂ ਨੇ ਕਈ ਪਹਿਲੂਆਂ ’ਤੇ ਜਾਂਚ ਜਾਰੀ ਰੱਖੀ ਹੋਈ ਹੈ। ਕਾਰੋਬਾਰੀ ਸੰਭਵ ਜੈਨ ਕੋਲੋਂ ਪੁੱਛਗਿਛ ਕਰ ਕੇ ਘਟਨਾ ਦੀ ਸਮੀਖਿਆ ਕੀਤੀ ਜਾ ਰਹੀ ਹੈ। ਹੁਣ ਪੁਲੀਸ ਇਹ ਪਤਾ ਲਾਉਣ ’ਚ ਲੱਗੀ ਹੋਈ ਹੈ ਕਿ ਦਿੱਲੀ ਰੋਡ ਇਲਾਕੇ ਵਿੱਚ ਇੱਕ ਦਿਨ ਗੱਡੀ ਖੜ੍ਹੀ ਕਰਨ ਤੋਂ ਬਾਅਦ ਅਗਲੇ ਦਿਨ ਅਲਰਟ ਜਾਰੀ ਹੋਣ ਤੋਂ ਬਾਅਦ ਵੀ ਪੰਜਾਬ ਤੋਂ ਬਾਹਰ ਮੁਲਜ਼ਮ ਕਿਵੇਂ ਚਲੇ ਗਏ। ਹਰਿਦੁਆਰ ਇਲਾਕੇ ’ਚ ਗੱਡੀ ਕੌਣ ਤੇ ਕਿਵੇਂ ਲੈ ਗਿਆ, ਇਸ ਗੱਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਸਿਰਫ਼ ਇਹੀ ਦੱਸਿਆ ਗਿਆ ਹੈ ਕਿ ਪੁਲੀਸ ਦੇ ਹੱਥ ਕਈ ਸਬੂਤ ਲੱਗੇ ਹਨ, ਜਿਨ੍ਹਾਂ ਬਾਰੇ ਆਉਣ ਵਾਲੇ ਦਿਨਾਂ ਵਿੱਚ ਖੁਲਾਸਾ ਕੀਤਾ ਜਾਵੇਗਾ।
ਸ਼ਹਿਰ ਦੇ ਕਾਰੋਬਾਰੀਆਂ ਵੱਲੋਂ ਬੰਦ ਦਾ ਸੱਦਾ ਦਿੱਤੇ ਜਾਣ ਤੋਂ ਬਾਅਦ ਪੁਲੀਸ ਵੀ ਚੌਕਸ ਹੈ। ਪੁਲੀਸ ਦੇ ਸੀਨੀਅਰ ਅਧਿਕਾਰੀ ਕਾਰੋਬਾਰੀਆਂ ਨਾਲ ਸੰਪਰਕ ਬਣਾ ਕੇ ਉਨ੍ਹਾਂ ਨੂੰ ਕਿਸੇ ਤਰ੍ਹਾਂ ਮਨਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਟੈਕਸਟਾਈਲ ਨਿੱਟਵੀਅਰ ਐਸੋਸੀਏਸ਼ਨ ਦੇ ਪ੍ਰਧਾਨ ਤਰੁਣ ਜੈਨ ਬਾਵਾ ਨੇ ਦੱਸਿਆ ਕਿ ਬੀਤੇ ਸ਼ਨਿਚਰਵਾਰ ਕਾਰੋਬਾਰੀਆਂ ਨੇ ਮੀਟਿੰਗ ਕੀਤੀ ਸੀ ਜਿਸ ਵਿੱਚ ਫੈਸਲਾ ਲਿਆ ਗਿਆ ਸੀ ਕਿ ਜੇਕਰ ਪੁਲੀਸ ਨੇ ਜਲਦੀ ਮੁਲਜ਼ਮ ਨੂੰ ਨਾ ਫੜਿਆ ਤਾਂ ਕਾਰੋਬਾਰੀ ਫੈਕਟਰੀ ਬੰਦ ਕਰ ਕੇ ਵਿਰੋਧ ਦਰਜ ਕਰਨਗੇ। ਪੁਲੀਸ ਦੇ ਸੀਨੀਅਰ ਅਧਿਕਾਰੀਆਂ ਨੇ ਭਰੋਸਾ ਦਿੱਤਾ ਹੈ ਕਿ ਕਾਰੋਬਾਰੀ ਗੁੱਸੇ ਵਿੱਚ ਨਾ ਆਉਣ।