ਗਗਨਦੀਪ ਅਰੋੜਾ
ਲੁਧਿਆਣਾ, 28 ਅਕਤੂਬਰ
ਦਾਜ ਪੀੜਤ ਅਤੇ ਮਹਿਲਾਵਾਂ ’ਤੇ ਹੋ ਰਹੇ ਜ਼ੁਲਮਾਂ ਨੂੰ ਲੈ ਕੇ ਲੁਧਿਆਣਾ ਪੁਲੀਸ ਵੱਲੋਂ ਬਣਾਏ ਗਏ ਵਿਮੈਨ ਸੈੱਲ ’ਚ ਸ਼ੁੱਕਰਵਾਰ ਨੂੰ ਲਾਈ ਗਈ ਲੋਕ ਅਦਾਲਤ ’ਚ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਖੁਦ ਪੁੱਜੀ। ਇਸ ਦੌਰਾਨ ਉਨ੍ਹਾਂ ਨੇ ਮਹਿਲਾ ਕਮਿਸ਼ਨ ਕੋਲ ਚੱਲ ਰਹੇ ਕਰੀਬ 26 ਮਾਮਲਿਆਂ ਦੀ ਸੁਣਵਾਈ ਕੀਤੀ ਤੇ ਨਾਲ ਹੀ ਲੁਧਿਆਣਾ ਕਮਿਸ਼ਨਰੇਟ ਪੁਲੀਸ ਵੱਲੋਂ ਸੱਦੇ ਲੋਕਾਂ ਦੀ ਸੁਣਵਾਈ ਕੀਤੀ। ਮਨੀਸ਼ਾ ਗੁਲਾਟੀ ਸ਼ੁੱਕਰਵਾਰ ਨੂੰ ਆਪਣੇ ਵੱਖਰੇ ਹੀ ਰੂਪ ’ਚ ਦਿਖਾਈ ਦਿੱਤੀ। ਸੁਣਵਾਈ ਦੌਰਾਨ ਉਨ੍ਹਾਂ ਨੂੰ ਜਿੱਥੇ ਲੱਗਿਆ ਕਿ ਲੜਕਾ ਗਲਤ ਹੈ, ਉਸ ਨੂੰ ਝਾੜ ਪਾਈ, ਜਿੱਥੇ ਲੱਗਿਆ ਕਿ ਲੜਕੀ ਵਾਲਿਆਂ ਦੀ ਗਲਤੀ ਹੈ, ਉੱਥੇ ਲੜਕੀ ਦੀ ਵੀ ਝਾੜਝੰਬ ਕੀਤੀ। ਇਸ ਦੌਰਾਨ ਮਨੀਸ਼ਾ ਗੁਲਾਟੀ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ ਤੇ ਕੁਝ ਸਵਾਲਾਂ ’ਤੇ ਉਹ ਗੁੱੱਸੇ ਵੀ ਹੋ ਗਈ।
ਲੁਧਿਆਣਾ ਪੁਲੀਸ ਦੇ ਵੱਲੋਂ ਸ਼ੁੱਕਰਵਾਰ ਨੂੰ ਕ੍ਰਾਈਮ ਅਗੇਂਸਟ ਵਿਮੈਨ ਸੈਲ ’ਚ ਲੋਕ ਅਦਾਲਤ ਲਾਈ ਗਈ। ਇਸ ਦੌਰਾਨ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਤੇ ਜੁਆਇੰਟ ਪੁਲੀਸ ਕਮਿਸ਼ਨਰ ਸੌਮਿਆ ਮਿਸ਼ਰਾ ਵੀ ਮੌਜੂਦ ਸੀ। ਮਨੀਸ਼ਾ ਗੁਲਾਟੀ ਨੇ ਦੱਸਿਆ ਕਿ ਕਮਿਸ਼ਨ ਪੰਜਾਬ ਪੁਲੀਸ ਦੇ ਨਾਲ ਮਿਲ ਕੇ ਟੀਮ ਵਜੋਂ ਕੰਮ ਕਰ ਰਿਹਾ ਹੈ। ਕਮਿਸ਼ਨ ਤੇ ਪੁਲੀਸ ਦੀ ਕੋਸ਼ਿਸ਼ ਰਹਿੰਦੀ ਹੈ ਕਿ ਕਿਸੇ ਦਾ ਘਰ ਖਰਾਬ ਨਾ ਹੋਵੇ। ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਆਪਸ ’ਚ ਜੋੜਿਆ ਜਾਵੇ ਤਾਂ ਕਿ ਉਹ ਆਪਣਾ ਚੰਗਾ ਜੀਵਨ ਬਤੀਤ ਕਰ ਸਕਣ। ਉਨ੍ਹਾਂ ਕਿਹਾ ਕਿ ਪੂਰੇ ਪੰਜਾਬ ’ਚੋਂ ਲੁਧਿਆਣਾ ਪੁਲੀਸ ਆਪਣੇ ਤੌਰ ’ਤੇ ਚਾਰ ਹਜ਼ਾਰ ਤੋਂ ਉਪਰ ਸ਼ਿਕਾਇਤਾਂ ਦਾ ਨਿਪਟਾਰਾ ਕਰ ਚੁੱਕੀ ਹੈ ਤੇ ਲੋਕਾਂ ਦੇ ਘਰ ਵਸਾ ਚੁੱਕੀ ਹੈ। ਹਾਲੇ ਵੀ ਪੁਲੀਸ ਕੋਲ ਕਰੀਬ ਚਾਰ ਹਜ਼ਾਰ ਤੋਂ ਉਪਰ ਸ਼ਿਕਾਇਤਾਂ ਪਈਆਂ ਹਨ, ਜਿਸ ਦੀ ਜਾਂਚ ਲਗਾਤਾਰ ਜਾਰੀ ਹੈ।
ਉਨ੍ਹਾਂ ਕਿਹਾ ਕਿ ਜਿਸ ਸਮੱਸਿਆ ’ਚ ਲੱਗਦਾ ਹੈ ਉਸ ’ਚ ਤੁਰੰਤ ਕੇਸ ਦਰਜ ਹੋਣਾ ਚਾਹੀਦਾ ਹੈ, ਉੱਥੇ ਕਮਿਸ਼ਨ ਪੁਲੀਸ ਨੂੰ ਆਖ ਕੇ ਕੇਸ ਦਰਜ ਕਰਵਾ ਰਿਹਾ ਹੈ ਤੇ ਕਈ ਮਾਮਲਿਆਂ ’ਚ ਐੱਸਆਈਟੀ ਬਣਾਈ ਗਈ ਹੈ। ਜਿਨ੍ਹਾਂ ਮਾਮਲਿਆਂ ’ਚ ਐੱਸਆਈਟੀ ਬਣ ਜਾਂਦੀ ਹੈ ਜਾਂ ਫਿਰ ਮਾਮਲਾ ਅਦਾਲਤ ਕੋਲ ਚਲਾ ਜਾਂਦਾ ਹੈ ਤਾਂ ਉਸ ’ਚ ਕਮਿਸਨ ਕੁਝ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਇਹ ਨਹੀਂ ਹੈ ਕਿ ਹਰ ਮਾਮਲੇ ’ਚ ਗਲਤੀ ਲੜਕੀ ਦੀ ਹੋਵੇ ਜਾਂ ਫਿਰ ਲੜਕੀ ਦੇ ਪਰਿਵਾਰ ਵਾਲਿਆਂ ਦੀ ਹੋਵੇ। ਕਈ ਅਜਿਹੇ ਮਾਮਲੇ ਹੁੰਦੇ ਹਨ, ਜਿਨ੍ਹਾਂ ਵਿੱਚ ਲੜਕੇ ਵਾਲੇ ਗਲਤ ਹੁੰਦੇ ਹਨ। ਕੁਝ ਮਾਮਲਿਆਂ ’ਚ ਲੜਕੀਆਂ ਵੀ ਗਲਤ ਹੁੰਦੀਆਂ ਹਨ। ਅੱਜ ਇੱਥੇ ਜੋ ਮਾਮਲਿਆਂ ਦੀ ਸੁਣਵਾਈ ਕੀਤੀ ਗਈ ਹੈ, ਉਨ੍ਹਾਂ ’ਚੋਂ ਕੁਝ ਹੱਲ ਕਰ ਦਿੱਤੇ ਗਏ ਹਨ ਤੇ ਕੁਝ ਲੋਕਾਂ ਨੂੰ ਆਪਸ ’ਚ ਬਿਠਾ ਕੇ ਗੱਲ ਕਰਨ ਦੀ ਪੇਸ਼ਕਸ਼ ਕੀਤੀ ਹੈ। ਅਜਿਹੇ ਮਾਮਲਿਆਂ ਨੂੰ ਵੀ ਜਲਦੀ ਹੱਲ ਕਰ ਦਿੱਤਾ ਜਾਵੇਗਾ। ਇਸ ਮੌਕੇ ਉਨ੍ਹਾਂ ਦੇ ਨਾਲ ਪੁਲੀਸ ਕਮਿਸ਼ਨਰ ਕੌਸਤੁਬ ਸ਼ਰਮਾ ਵੀ ਮੌਜੂਦ ਸਨ।