ਜੋਗਿੰਦਰ ਸਿੰਘ ਓਬਰਾਏ
ਖੰਨਾ, 29 ਜੂਨ
ਐਲੀਮੈਂਟਰੀ ਟੀਚਰਜ਼ ਯੂਨੀਅਨ ਨੇ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਦੀ ਅਗਵਾਈ ਹੇਠ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਕੀਤੀ। ਇਸ ਵਿੱਚ ਪੁਰਾਣੀ ਪੈਨਸ਼ਨ ਬਹਾਲੀ, ਡੀਏ, ਬੰਦ ਕੀਤੇ ਪੇਂਡੂ ਭੱਤੇ, ਏਸੀਪੀ ਦੇ ਬਕਾਏ ਜਲਦ ਲਾਗੂ ਕਰਨ, ਕੇਂਦਰੀ ਪੈਟਰਨ ਸਕੇਲ ਬੰਦ ਕਰਨ ਅਤੇ ਤਰੱਕੀਆਂ ਸਬੰਧੀ ਮੁੱਦਿਆਂ ’ਤੇ ਚਰਚਾ ਕੀਤੀ ਗਈ। ਇਸ ਮੌਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਤੇ ਬ੍ਰਹਮ ਸ਼ੰਕਰ ਜਿੰਪਾ, ਪ੍ਰਮੁੱਖ ਸਕੱਤਰ ਵਿੱਤ, ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਅਤੇ ਹੋਰ ਉੱਚ ਸਿੱਖਿਆ ਅਧਿਕਾਰੀ ਮੌਜੂਦ ਸਨ। ਜਥੇਬੰਦੀ ਦੇ ਆਗੂ ਸਤਵੀਰ ਸਿੰਘ ਰੌਣੀ ਅਤੇ ਪਰਮਿੰਦਰ ਚੌਹਾਨ ਨੇ ਦੱਸਿਆ ਕਿ ਅਧਿਆਪਕ ਵਰਗ ਦੀਆਂ ਅਹਿਮ ਮੰਗਾਂ ਨੂੰ ਗੰਭੀਰਤਾ ਨਾਲ ਸੁਣਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਉਨ੍ਹਾਂ ਦੀਆਂ ਮੰਗਾਂ ਨੂੰ ਜਲਦ ਲਾਗੂ ਕਰਨ ਲਈ ਗੰਭੀਰ ਹੈ। ਵਿਭਾਗੀ ਮੰਗਾਂ ਵਿਚ ਸਰਕਾਰ ਵੱਲੋਂ ਪ੍ਰਾਇਮਰੀ ਅਧਿਆਪਕਾਂ ਤੋਂ ਲਏ ਜਾਂਦੇ ਗ਼ੈਰ-ਵਿੱਦਿਅਕ ਕੰਮ ਤੇ ਵਾਧੂ ਡਿਊਟੀਆਂ ਜਲਦ ਬੰਦ ਕਰਵਾਉਣ, ਅਧਿਆਪਕਾਂ ਵੱਲੋਂ ਗਰਮੀਆਂ ਤੇ ਸਰਦੀਆਂ ਦੌਰਾਨ ਲਈ ਜਾਣ ਵਾਲੀ ਵਿਦੇਸ਼ ਛੁੱਟੀ ਦੀ ਪ੍ਰਵਾਨਗੀ ਜ਼ਿਲ੍ਹਾ ਪੱਧਰ ’ਤੇ ਕਰਨ, ਹੈੱਡ ਟੀਚਰ ਦੀਆਂ 1904 ਪੋਸਟਾਂ ਨੂੰ ਬਹਾਲ ਕਰਨ, ਹੈੱਡ ਟੀਚਰ, ਸੈਂਟਰ ਹੈੱਡ ਟੀਚਰ ਦੀਆਂ ਤਰੱਕੀਆਂ ਕਰਕੇ ਖਾਲੀ ਅਸਾਮੀ ’ਤੇ ਕਰਨ ਲਈ ਲੋਂੜੀਦੇ ਰਾਊਂਡ ਚਲਾਉਣ, ਮਾਸਟਰ ਕੇਡਰ ਦੀਆਂ ਪ੍ਰਮੋਸ਼ਨਾਂ ਦਿੱਤੇ ਆਦੇਸ਼ ਤਹਿਤ ਕੁਝ ਦਿਨਾਂ ਵਿਚ ਕਰਨ ਦਾ ਫ਼ੈਸਲਾ ਕੀਤਾ ਗਿਆ। ਇਸ ਮੌਕੇ ਬਦਲੀਆਂ ਦਾ ਪੋਰਟਲ ਵੀ ਜਲਦ ਖੋਲ੍ਹਣ ਦੇ ਆਦੇਸ਼ ਦਿੱਤੇ ਗਏ। ਮੀਟਿੰਗ ਵਿਚ ਗੁਰਿੰਦਰ ਸਿੰਘ, ਤਰਸੇਮ ਲਾਲ, ਰਿਸ਼ੀ ਕੁਮਾਰ, ਪ੍ਰਿਤਪਾਲ ਸਿੰਘ, ਹਰਵਿੰਦਰ ਸਿੰਘ, ਹਰਦੀਪ ਸਿੰਘ, ਸੁਖਦੇਵ ਸਿੰਘ, ਰਵਿੰਦਰ ਕੁਮਾਰ, ਮਨਦੀਪ ਸਿੰਘ, ਇੰਦਰਜੀਤ ਸਿੰਘ ਆਦਿ ਹਾਜ਼ਰ ਸਨ।