ਸਤਵਿੰਦਰ ਬਸਰਾ
ਲੁਧਿਆਣਾ, 14 ਜਨਵਰੀ
ਲੋਹੜੀ ਮੌਕੇ ਕਰੋੜਾਂ ਰੁਪਏ ਦੀ ਪਲਾਸਟਿਕ ਦੀ ਡੋਰ ਅਤੇ ਪਤੰਗ ਖ਼ਰੀਦਣ ਵਾਲੇ ਪਤੰਗਾਂ ਦੇ ਸ਼ੌਕੀਨ ਪਤੰਗਬਾਜ਼ਾਂ ਨੇ ਇਸ ਵਾਰ ਵੀ ਵੱਡੀ ਗਿਣਤੀ ਪੰਛੀਆਂ ਨੂੰ ਜ਼ਖ਼ਮੀ ਕਰ ਦਿੱਤਾ ਹੈ। ਹੈਬੋਵਾਲ ਕਲਾਂ ਰਹਿੰਦੇ ਪੰਛੀ ਪ੍ਰੇਮੀ ਚਰਨਜੀਤ ਸਿੰਘ ਚਾਨੀ ਅਨੁਸਾਰ ਉਸ ਕੋਲ ਲੋਹੜੀ ਵਾਲੇ ਦਿਨ 55 ਕੇਸ ਆਏ ਜਿਨ੍ਹਾਂ ਵਿੱਚੋਂ ਉਹ ਰੱਖਬਾਗ ਵਿੱਚ 15 ਦੇ ਕਰੀਬ ਪੰਛੀਆਂ ਦਾ ਇਲਾਜ ਕਰ ਰਿਹਾ ਹੈ। ਪ੍ਰਸ਼ਾਸਨ ਅਤੇ ਸਿੱਖਿਆ ਸੰਸਥਾਵਾਂ ਵਿੱਚ ਹਰ ਸਾਲ ਲੋਹੜੀ ਮੌਕੇ ਪਲਾਸਟਿਕ ਦੀ ਡੋਰ ਨਾਲ ਪਤੰਗ ਨਾ ਉਡਾਉਣ ਦੇ ਸੁਨੇਹੇ ਦਿੱਤੇ ਜਾਂਦੇ ਹਨ, ਅਜਿਹੀ ਡੋਰ ਵੇਚਣ ਵਾਲਿਆਂ ਵਿਰੁੱਧ ਸਮੇਂ ਸਮੇਂ ’ਤੇ ਕਾਰਵਾਈਆਂ ਕੀਤੀਆਂ ਜਾਂਦੀਆਂ ਹਨ ਪਰ ਫਿਰ ਵੀ ਪਤੰਗਬਾਜ਼ ਕਰੋੜਾਂ ਰੁਪਏ ਦੀ ਡੋਰ ਖ਼ਰੀਦ ਕੇ ਪਤੰਗ ਉਡਾਉਣ ਤੋਂ ਬਾਜ਼ ਨਹੀਂ ਆਉਂਦੇ। ਇਹੋ ਵਜ੍ਹਾ ਹੈ ਕਿ ਲੋਹੜੀ ਵਾਲੇ ਦਿਨ ਸਿਰਫ ਪੰਛੀਆਂ ਦੀਆਂ ਹੀ ਨਹੀਂ ਸਗੋਂ ਕਈ ਕੀਮਤੀ ਮਨੁੱਖੀ ਜਾਨਾਂ ਵੀ ਚਲੀਆਂ ਜਾਂਦੀਆਂ ਹਨ। ਪੰਛੀ ਪ੍ਰੇਮੀ ਚਰਨਜੀਤ ਸਿੰਘ ਚਾਨੀ ਨੇ ਕਿਹਾ ਕਿ ਇਸ ਵਾਰ ਵੀ ਲੋਹੜੀ ਵਾਲੇ ਦਿਨ ਉਸ ਕੋਲ ਪਲਾਸਟਿਕ ਦੀ ਡੋਰ ਨਾਲ ਜ਼ਖਮੀ ਹੋਣ ਵਾਲੇ 55 ਕਬੂਤਰਾਂ ਦੇ ਕੇਸ ਸਾਹਮਣੇ ਆਏ ਜਿਨ੍ਹਾਂ ਵਿੱਚੋਂ ਉਹ ਰੱਖਬਾਗ ਵਿੱਚ 15 ਕਬੂਤਰਾਂ ਦਾ ਇਲਾਜ ਕਰ ਰਿਹਾ ਹੈ। ਵਾਤਾਵਰਨ ਪ੍ਰੇਮੀ ਜਗਜੀਤ ਸਿੰਘ ਮਾਨ ਨੇ ਕਿਹਾ ਕਿ ਪਲਾਸਟਿਕ ਦੀ ਡੋਰ ਖ਼ਰੀਦਣ ਦਾ ਵਰਤਾਰਾ ਉਨੀ ਦੇਰ ਤੱਕ ਨਹੀਂ ਰੁਕਣਾ ਜਿੰਨੀ ਦੇਰ ਤੱਕ ਨੌਜਵਾਨ ਖੁਦ ਜਾਗਰੂਕ ਨਹੀਂ ਹੁੰਦੇ ਅਤੇ ਪ੍ਰਸ਼ਾਸਨ ਅਜਿਹੀ ਡੋਰ ਖ਼ਰੀਦਣ ਅਤੇ ਵੇਚਣ ਵਾਲਿਆਂ ’ਤੇ ਸਖ਼ਤੀ ਨਹੀਂ ਕਰਦਾ। ਉਨ੍ਹਾਂ ਕਿਹਾ ਕਿ ਲੋਹੜੀ ਮੌਕੇ ਬਣੇ ਮੌਸਮ ਨੂੰ ਪੰਛੀਆਂ ਲਈ ਵਰਦਾਨ ਹੀ ਮੰਨਿਆਂ ਜਾ ਸਕਦਾ ਹੈ।