ਸਤਵਿੰਦਰ ਬਸਰਾ
ਲੁਧਿਆਣਾ, 14 ਅਗਸਤ
ਸਨਅਤੀ ਸ਼ਹਿਰ ਲੁਧਿਆਣਾ ਭਾਵੇਂ ਸਮਾਰਟ ਸ਼ਹਿਰਾਂ ’ਚ ਗਿਣਿਆ ਜਾਂਦਾ ਹੈ ਪਰ ਇੱਥੋਂ ਦੀਆਂ ਕਈ ਲਿੱਕ ਸੜਕਾਂ ਨੂੰ ਦੇਖਣ ’ਤੇ ਉਹ ਕਿਸੇ ਪਿੰਡ ਦੀਆਂ ਕੱਚੀਆਂ ਗਲੀਆਂ ਦਾ ਭੁਲੇਖਾ ਪਾਉਂਦੀਆਂ ਨਜ਼ਰ ਆ ਰਹੀਆਂ ਹਨ। ਇਨ੍ਹਾਂ ਵਿੱਚੋਂ ਇੱਕ ਸੜਕ ਚੰਡੀਗੜ੍ਹ ਸੜਕ ਨੂੰ ਤਾਜਪੁਰ ਸੜਕ ਨਾਲ ਜੋੜਨ ਵਾਲੀ ਲਿੰਕ ਸੜਕ ਵੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਕਾਂਗਰਸ ਦੇ ਰਾਜ ਸਮੇਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਆਖਰੀ ਮਹੀਨਿਆਂ ਵਿੱਚ ਜ਼ਿਲ੍ਹੇ ’ਚ ਕਈ ਵਿਕਾਸ ਪ੍ਰਾਜੈਕਟ ਸ਼ੁਰੂ ਕੀਤੇ ਗਏ ਸਨ। ਇਨ੍ਹਾਂ ਵਿੱਚੋਂ ਇੱਕ ਪ੍ਰਾਜੈਕਟ ਉਕਤ ਸੜਕ ’ਤੇ ਸੀਵਰੇਜ ਪਾਈਪ ਪਾਉਣ ਦਾ ਵੀ ਕੀਤਾ ਗਿਆ ਸੀ। ਚੋਣਾਂ ਨੇੜੇ ਹੋਣ ਕਰ ਕੇ ਅਤੇ ਲੋਕਾਂ ਨੂੰ ਸਰਕਾਰ ਦੀ ਕਾਰਗੁਜ਼ਾਰੀ ਦਿਖਾਉਣ ਲਈ ਪਾਈਪ ਪਾਉਣ ’ਚ ਬੜੀ ਫੁਰਤੀ ਵਰਤੀ ਗਈ। ਪਰ ਚੋਣਾਂ ਤੋਂ ਬਾਅਦ ਦੂਜੀ ਪਾਰਟੀ ਦੀ ਸਰਕਾਰ ਆਉਣ ’ਤੇ ਸੜਕ ਦਾ ਕੰਮ ਉੱਥੇ ਹੀ ਰੁਕ ਗਿਆ। ਹੁਣ ਇਹ ਸੜਕ ਨਾ ਤਾਂ ਦੁਬਾਰਾ ਬਣੀ ਅਤੇ ਨਾ ਹੀ ਇਸ ਤੋਂ ਆਵਾਜਾਈ ਸ਼ੁਰੂ ਕੀਤੀ ਗਈ। ਅੱਜ ਕੱਲ੍ਹ ਇਹ ਸੜਕ ਇਵੇਂ ਲੱਗ ਰਹੀ ਹੈ ਜਿਵੇਂ ਕਿਸੇ ਪਿੰਡ ਦੀ ਪੁਰਾਣੀ ਕੱਚੀ ਗਲੀ ਹੋਵੇ। ਇਹ ਵੀ ਸੁਣਨ ਵਿੱਚ ਆਇਆ ਹੈ ਕਿ ਇਹ ਸੀਵਰੇਜ ਪਾਈਪ ਲੁਧਿਆਣਾ-ਚੰਡੀਗੜ੍ਹ ਸੜਕ ’ਤੇ ਖੜ੍ਹੇ ਹੁੰਦੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਪਾਈ ਗਈ ਹੈ ਪਰ ਇਸ ਦੇ ਬਾਵਜੂਦ ਪਿਛਲੇ ਸਮੇਂ ਦੌਰਾਨ ਸੜਕਾਂ ’ਤੇ ਪਹਿਲਾਂ ਦੀ ਤਰ੍ਹਾਂ ਪਾਣੀ ਖੜ੍ਹਾ ਦੇਖਿਆ ਗਿਆ ਸੀ। ਇਹ ਵੀ ਪਤਾ ਲੱਗਾ ਹੈ ਕਿ ਸਮਰਾਲਾ ਚੌਕ ਤੋਂ ਵੱਡੀਆਂ ਗੱਡੀਆਂ ਦੀ ਆਵਾਜਾਈ ਬੰਦ ਹੋਣ ਕਾਰਨ ਚੰਡੀਗੜ੍ਹ ਨੂੰ ਜਾਣ ਵਾਲੀਆਂ ਗੱਡੀਆਂ ਜਲੰਧਰ ਵਾਲੇ ਪਾਸਿਓਂ, ਤਾਜਪੁਰ ਸੜਕ ਰਾਹੀਂ ਹੀ ਚੰਡੀਗੜ੍ਹ ਰੋਡ ’ਤੇ ਆਉਂਦੀਆਂ ਸਨ। ਇਸ ਸੜਕ ਦੇ ਅਧੂਰੀ ਪਈ ਹੋਣ ਕਰ ਕੇ ਹੁਣ ਅਜਿਹੇ ਵਾਹਨ ਚਾਲਕਾਂ ਨੂੰ ਵੀ ਖੱਜਲਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹੋ ਜਿਹਾ ਹੀ ਹਾਲ ਸੈਕਟਰ-32, 39 ਦੇ ਨੇੜੇ ਪੈਂਦੀ ਪੁਲੀਸ ਚੌਕੀ ਵਾਲੀ ਸੜਕ ਦਾ ਹੈ। ਇਹ ਸੜਕ ਵੀ ਪਿਛਲੇ ਕਈ ਮਹੀਨਿਆਂ ਤੋਂ ਅਧੂਰੀ ਪਈ ਹੈ।