ਪੱਤਰ ਪ੍ਰੇਰਕ
ਜਗਰਾਉਂ, 10 ਅਗਸਤ
ਇੱਥੇ ਕਾਉਂਕੇ ਰੋਡ ’ਤੇ ਸੁਭਾਸ਼ ਗੇਟ ਨੇੜੇ ਸ਼ਰਾਬ ਦੇ ਠੇਕੇ ਦੇ ਮੁਲਾਜ਼ਮ ਨੇ ਬੀਤੀ ਰਾਤ ਠੇਕੇ ਦੇ ਅੰਦਰ ਹੀ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਇਸ ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਬੀਤੀ ਰਾਤ ਦੀ ਵਿਕਰੀ ਰਕਮ ਅਤੇ ਪਰਚੀ ਲੈਣ ਪੁੱਜੇ ਹੋਰ ਮੁਲਾਜ਼ਮਾਂ ਨੇ ਅੱਜ ਠੇਕੇ ਦਾ ਸ਼ਟਰ ਬੰਦ ਦੇਖਿਆ। ਉਨ੍ਹਾਂ ਵੱਲੋਂ ਵਾਰ-ਵਾਰ ਖੜ੍ਹਕਾਉਣ ’ਤੇ ਅੰਦਰੋਂ ਕੋਈ ਆਵਾਜ਼ ਨਾ ਆਈ। ਉੁਨ੍ਹਾਂ ਇਸ ਸਬੰਧੀ ਪੁਲੀਸ ਨੂੰ ਸੂਚਿਤ ਕੀਤਾ। ਉਹ ਜਦੋਂ ਠੇਕੇ ਦੇ ਪਿਛਲੇ ਦਰਵਾਜ਼ੇ ਰਾਹੀਂ ਅੰਦਰ ਗਏ ਤਾਂ ਮੁਲਾਜ਼ਮ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਪੁਲੀਸ ਨੇ ਲਾਸ਼ ਉਤਾਰ ਕੇ ਸਥਾਨਕ ਸਿਵਲ ਹਸਪਤਾਲ ਵਿੱਚ ਪਹੁੰਚਾਈ। ਮ੍ਰਿਤਕ ਦੀ ਸ਼ਨਾਖ਼ਤ ਲਈ ਠੇਕੇਦਾਰ ਨਾਲ ਰਾਬਤਾ ਕੀਤਾ। ਖ਼ਬਰ ਲਿਖੇ ਜਾਣ ਤੱਕ ਮ੍ਰਿਤਕ ਦੇ ਨਾਂ ਪਤੇ ਬਾਰੇ ਕੋਈ ਸੁਰਾਗ ਨਹੀਂ ਸੀ ਲੱਗ ਸਕਿਆ।