ਸਤਵਿੰਦਰ ਬਸਰਾ
ਲੁਧਿਆਣਾ, 12 ਜਨਵਰੀ
ਚੀਨ ਦੀ ਪਲਾਸਟਿਕ ਦੀ ਡੋਰ ਲੱਚਕਦਾਰ ਅਤੇ ਪਲਾਸਟਿਕ ਦੀ ਬਣੀ ਹੋਣ ਕਰਕੇ ਪਿਛਲੇ ਕੁੱਝ ਸਾਲਾਂ ਤੋਂ ਪਤੰਗਬਾਜ਼ਾਂ ਦੀ ਪਹਿਲੀ ਪਸੰਦ ਬਣੀ ਹੋਈ ਹੈ ਪਰ ਪਾਕਿਸਤਾਨ ਤੋਂ ਹੀ ਡੋਰ ਸੂਤਣ ਵਾਲੇ ਕੰਤ ਪ੍ਰਕਾਸ਼ ਲਹੌਰੀਆ ਦੁਕਾਨ ਦੇ ਮਾਲਕ ਦਾ ਦਾਅਵਾ ਹੈ ਕਿ ਉਨਾਂ ਵੱਲੋਂ ਸੂਤੀ ਦੇਸੀ ਡੋਰ, ਚੀਨ ਦੀ ਡੋਰ ਨੂੰ ਵੀ ਕਾਟ ਕਰਦੀ ਹੈ।
ਸੁਰਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਦਾਦੇ-ਪ੍ਰਦਾਦੇ ਨੇ ਪਾਕਿਸਤਾਨ ਵਿੱਚ ਦੇਸੀ ਡੋਰ ਸੂਤਣ ਦਾ ਕੰਮ ਸ਼ੁਰੂ ਕੀਤਾ ਸੀ। ਆਜ਼ਾਦੀ ਤੋਂ ਬਾਅਦ ਉਨ੍ਹਾਂ ਨੇ ਦਰੇਸੀ ਮੈਦਾਨ ਵਿੱਚ ਵੀ ਦੁਕਾਨ ਕਿਰਾਏ ’ਤੇ ਲੈ ਕੇ ਇਹ ਕਾਰੋਬਾਰ ਜਾਰੀ ਰੱਖਿਆ ਹੈ। ਉਸ ਦਾ ਕਹਿਣਾ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਬਾਜ਼ਾਰਾਂ ਵਿੱਚ ਆਈ ਚੀਨ ਦੀ ਪਲਾਸਟਿਕ ਡੋਰ ਨੇ ਡੋਰ ਸੂਤਣ ਦੇ ਕਾਰੋਬਾਰ ਨੂੰ ਢਾਹ ਲਾਈ ਹੈ। ਪਰ ਉਨ੍ਹਾਂ ਵੱਲੋਂ ਸੂਤੀ ਜਾਂਦੀ ਡੋਰ ਚੀਨ ਦੀ ਪਲਾਸਟਿਕ ਦੀ ਡੋਰ ਨੂੰ ਪੂਰੀ ਤਰ੍ਹਾਂ ਕਾਟ ਕਰਦੀ ਹੈ। ਉਨ੍ਹਾਂ ਦੀ ਦੇਸੀ ਡੋਰ, ਚੀਨ ਦੀ ਪਲਾਸਟਿਕ ਡੋਰ ਦੀ ਤਰ੍ਹਾਂ ਲਚਕੀਲੀ ਨਹੀਂ ਪਰ ਇਹ 12 ਤਾਰੀ ਡੋਰ ਮਜ਼ਬੂਤੀ ਪੱਖੋਂ ਉਸ ਤੋਂ ਕਿਸੇ ਵੀ ਤਰ੍ਹਾਂ ਘੱਟ ਨਹੀਂ ਹੈ। ਇਹੋ ਵਜ੍ਹਾ ਹੈ ਕਿ ਉਨਾਂ ਦੇ ਗ੍ਰਾਹਕਾਂ ਦੀ ਗਿਣਤੀ ਦਿਨੋਂ ਦਿਨ ਵਧਦੀ ਜਾ ਰਹੀ ਹੈ। ਇਸ ਮੌਕੇ ਦਰੇਸੀ ਮੈਦਾਨ ਵਿੱਚ ਡੋਰ ਸੂਤਣ ਦੇ ਅੱਡਿਆਂ ’ਤੇ ਠੇਕੇ ਉਪਰ ਕੰਮ ਕਰਦੇ ਕਾਮਿਆਂ ਕ੍ਰਿਸ਼ਨ ਲਾਲ ਅਤੇ ਨਿਹਾਲੇ ਨੇ ਦੱਸਿਆ ਕਿ ਇਸ ਵਾਰ ਡੋਰ ਸੂਤਣ ਦਾ ਕਾਰੋਬਾਰ ਪਿਛਲੇ ਸਾਲਾਂ ਨਾਲੋਂ ਚੰਗ ਰਿਹਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਪ੍ਰਸ਼ਾਸਨ ਪਲਾਸਟਿਕ ਦੀ ਡੋਰ ਦੀ ਵਿਕਰੀ ’ਤੇ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਸਖ਼ਤੀ ਵਰਤਦਾ ਰਹੇਗਾ।