ਗੁਰਿੰਦਰ ਸਿੰਘ
ਲੁਧਿਆਣਾ, 13 ਨਵੰਬਰ
ਗਊ ਰੱਖਿਆ ਦਲ ਦੇ ਆਗੂਆਂ ਵੱਲੋਂ ਦਿਵਾਲੀ ਵਾਲੇ ਦਿਨ ਦਿੱਲੀ ਤੋਂ ਸ਼੍ਰੀਨਗਰ ਲਜਿਾਏ ਜਾ ਰਹੇ ਮਾਸ ਨਾਲ ਭਰੇ ਟਰਾਲੇ ਨੂੰ ਫੜ ਕੇ ਪੁਲੀਸ ਹਵਾਲੇ ਕੀਤਾ ਗਿਆ ਹੈ ਜਦੋਂਕਿ ਉਸ ਵਿੱਚ ਸਵਾਰ ਦੋ ਜਣੇ ਟਰੱਕ ਛੱਡ ਕੇ ਫ਼ਰਾਰ ਹੋ ਗਏ ਹਨ ਜਿਨ੍ਹਾਂ ਦੀ ਪੁਲੀਸ ਵੱਲੋਂ ਭਾਲ ਕੀਤੀ ਜਾ ਰਹੀ ਹੈ।
ਗਊ ਰੱਖਿਆ ਦਲ ਵੱਲੋਂ ਢੰਡਾਰੀ ਨੇੜੇ ਇਸ ਟਰਾਲੇ ਨੂੰ ਰੋਕਿਆ ਗਿਆ ਸੀ ਜੋ ਸ਼੍ਰੀਨਗਰ ਵੱਲ ਜਾ ਰਿਹਾ ਸੀ। ਥਾਣਾ ਸਾਹਨੇਵਾਲ ਦੀ ਪੁਲੀਸ ਨੇ ਮੌਕੇ ’ਤੇ ਪੁੱਜ ਕੇ ਟਰੱਕ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਰੋਪੜ ਦੇ ਨਿਕਸਿਨ ਕੁਮਾਰ ਦੀ ਸ਼ਿਕਾਇਤ ’ਤੇ ਪ੍ਰੀਤ ਵਿਹਾਰ ਵਿਕਾਸ ਮਾਰਗ ਵਾਸੀ ਵਿਕਾਸ, ਉੱਤਰ ਪ੍ਰਦੇਸ਼ ਦੇ ਮੇਰਠ ਵਾਸੀ ਸੁਲਤਾਨ ਅਲਫਾਫ ਅਤੇ ਅਹਿਮਦ ਗੁਲਸ਼ਨ, ਆਬਾਦ ਕਲੋਨੀ ਦੇ ਨੀਲ ਜਰੂਰ, ਪਿੰਡ ਚੋਰਾ ਪਟਿਆਲਾ ਵਾਸੀ ਹਾਸ਼ਿਦ ਦਿਨਸ਼ਾਦ ਤੇ ਜਮਾਲਪੁਰ ਮਾਲੇਰਕੋਟਲਾ ਦੇ ਰਹਿਣ ਵਾਲੇ ਕਾਕਾ ਸਲੀਮ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।
ਗਊ ਰੱਖਿਆ ਦਲ ਦੇ ਕੌਮੀ ਪ੍ਰਧਾਨ ਸਤੀਸ਼ ਕੁਮਾਰ ਮੁਤਾਬਕ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਕੁਝ ਲੋਕ ਟਰਾਲੇ ਵਿੱਚ ਗਊ ਮਾਸ ਭਰ ਕੇ ਦਿੱਲੀ ਤੋਂ ਸ਼੍ਰੀਨਗਰ ਲਜਿਾ ਰਹੇ ਹਨ। ਟਰਾਲੇ ਵਿੱਚ ਤਕਰੀਬਨ 10 ਟਨ ਗਊ ਮਾਸ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਟੀਮ ਨਾਲ ਲੁਧਿਆਣਾ ਦੇ ਢੰਡਾਰੀ ਕਲਾਂ ਕੌਮੀ ਮਾਰਗ ’ਤੇ ਇਸ ਟਰਾਲੇ ਨੂੰ ਰੁਕਵਾ ਲਿਆ। ਉਨ੍ਹਾਂ ਜਦੋਂ ਟਰਾਲਾ ਰੋਕਿਆ ਤਾਂ ਉਸ ਦਾ ਡਰਾਈਵਰ ਅਤੇ ਨਾਲ ਬੈਠਾ ਦੂਜਾ ਵਿਅਕਤੀ ਘਬਰਾ ਗਏ ਅਤੇ ਥੱਲੇ ਉਤਰ ਆਏ। ਉਹ ਜਦੋਂ ਉਨ੍ਹਾਂ ਨਾਲ ਗੱਲਬਾਤ ਕਰ ਰਹੇ ਸਨ ਤਾਂ ਉਹ ਭੱਜ ਗਏ। ਕੁੱਝ ਸਾਥੀਆਂ ਨੇ ਪਿੱਛਾ ਕਰ ਕੇ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਹੱਥ ਨਹੀਂ ਆਏ।
ਉਨ੍ਹਾਂ ਦੋਸ਼ ਲਗਾਇਆ ਹੈ ਕਿ ਕੰਗਣਵਾਲ ਪੁਲੀਸ ਚੌਕੀ ਨੇ ਉਨ੍ਹਾਂ ਨੂੰ ਬਿਲਕੁਲ ਸਹਿਯੋਗ ਨਹੀਂ ਦਿੱਤਾ ਜਿਸ ਕਾਰਨ ਮੁਲਜ਼ਮ ਭੱਜ ਗਏ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਪੁਲੀਸ ਨੂੰ ਸੂਚਿਤ ਕੀਤਾ ਗਿਆ ਸੀ ਪਰ ਉਨ੍ਹਾਂ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ। ਇਸ ਮਗਰੋਂ ਉਨ੍ਹਾਂ ਨੇ ਡੀਜੀਪੀ ਅਰਪਿਤ ਸ਼ੁਕਲਾ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੇ ਪੁਲੀਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੂੰ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਹੀ ਕੰਗਣਵਾਲ ਦੀ ਪੁਲੀਸ ਮੌਕੇ ’ਤੇ ਪੁੱਜੀ। ਪੁਲੀਸ ਵੱਲੋਂ ਟਰਾਲਾ ਕਬਜ਼ੇ ਵਿੱਚ ਲੈ ਕੇ ਜਾਂਚ ਕੀਤੀ ਜਾ ਰਹੀ ਹੈ।
ਇੰਸਪੈਕਟਰ ਇੰਦਰਜੀਤ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਮਾਸ ਕਬਜ਼ੇ ਵਿੱਚ ਲੈ ਕੇ ਜਾਂਚ ਲਈ ਲੈਬਾਰਟਰੀ ਵਿੱਚ ਭੇਜਿਆ ਗਿਆ ਹੈ ਅਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਵੱਡੇ ਪੱਧਰ ’ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।