ਡੀਪੀਐੱਸ ਬਤਰਾ
ਸਮਰਾਲਾ, 6 ਅਗਸਤ
ਪਿੰਡ ਨੌਲੜੀ ’ਚ ਉਸ ਵੇਲੇ ਇਨਸਾਨੀਅਤ ਨੂੰ ਸ਼ਰਮਸਾਰ ਕਰਦੀ ਘਟਨਾ ਸਾਹਮਣੇ ਆਈ, ਜਦੋਂ ਨੂੰਹ ਅਤੇ ਪੋਤਿਆਂ ਨੇ ਇਕ 85 ਸਾਲਾ ਬਜ਼ੁਰਗ ਨੂੰ ਬੁਰੀ ਤਰ੍ਹਾਂ ਕੁੱਟਿਆ ਅਤੇ ਫਿਰ ਘੜੀਸਦੇ ਹੋਏ ਘਰੋਂ ਬਾਹਰ ਕੱਢ ਦਿੱਤਾ। ਸਰਕਾਰੀ ਹਸਪਤਾਲ ਸਮਰਾਲਾ ’ਚ ਜ਼ੇਰੇ ਇਲਾਜ ਪੀੜਤ ਬਜ਼ੁਰਗ ਸ਼ੇਰ ਸਿੰਘ ਨੇ ਦੱਸਿਆ ਕਿ ਉਸ ਦੇ ਪੁੱਤ ਨੂੰ ਨੂੰਹ ਨੇ ਪਹਿਲਾਂ ਹੀ ਘਰੋਂ ਬਾਹਰ ਕੱਢਿਆ ਹੋਇਆ ਹੈ ਅਤੇ ਹੁਣ ਉਸ ਨੂੰ ਅਤੇ ਉਸ ਦੀ ਪਤਨੀ ਨੂੰ ਵੀ ਘਰੋਂ ਬਾਹਰ ਕੱਢਣ ਦੀ ਗੱਲ ਕਹਿੰਦੀ ਸੀ। ਸ਼ੇਰ ਸਿੰਘ ਨੇ ਦੱਸਿਆ ਕਿ ਪਹਿਲਾਂ ਵੀ ਨੂੰਹ ਆਪਣੀ ਮਾਂ ਨਾਲ ਮਿਲ ਕੇ ਉਸ ਨਾਲ ਅਤੇ ਉਸ ਦੀ ਪਤਨੀ ਨਾਲ ਕੁੱਟਮਾਰ ਕਰ ਚੁੱਕੀ ਹੈ। ਉਸ ਨੇ ਕਿਹਾ ਕਿ ਜੇਕਰ ਉਸ ਦੇ ਦੂਜੇ ਪੁੱਤਰ-ਨੂੰਹ ਕੁਝ ਕਹਿੰਦੇ ਹਨ ਤਾਂ ਉਹ ਉਨ੍ਹਾਂ ਨਾਲ ਵੀ ਲੜਾਈ ਕਰਦੀ ਹੈ। ਬਜ਼ੁਰਗ ਨੇ ਦੱਸਿਆ ਕਿ ਬੀਤੇ ਕੱਲ ਉਸ ਦੀ ਨੂੰਹ ਨੇ ਘਰ ਖਾਲੀ ਕਰਨ ਲਈ ਕਹਿ ਦਿੱਤਾ। ਜਦੋਂ ਉਹ ਨੇੜੇ ਹੀ ਰਹਿੰਦੇ ਆਪਣੇ ਬਾਕੀ ਪੁੱਤਰਾਂ ਨੂੰ ਦੱਸਣ ਲਈ ਜਾਣ ਲੱਗਾ ਤਾਂ ਉਸ ਦੀ ਨੂੰਹ ਅਤੇ ਪੋਤਿਆਂ ਨੇ ਮਿਲ ਕੇ ਉਸ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ ਅਤੇ ਘੜੀਸਦੇ ਹੋਏ ਘਰ ਦੇ ਬਾਹਰ ਲੈ ਗਏ। ਬਜ਼ੁਰਗ ਵੱਲੋਂ ਰੌਲਾ ਪਾਉਣ ’ਤੇ ਗੁਆਢੀਆਂ ਨੇ ਉਸ ਨੂੰ ਛੁਡਵਾਇਆ। ਪੁਲੀਸ ਨੇ ਕਾਰਵਾਈ ਕਰਦੇ ਹੋਏ ਬਜ਼ੁਰਗ ਦੇ ਬਿਆਨਾਂ ’ਤੇ ਨੂੰਹ ਅਤੇ ਪੋਤਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਪਰ ਬਜ਼ੁਰਗ ਨੇ ਦੁਖੀ ਮਨ ਨਾਲ ਕਿਹਾ ਕਿ ਇਸ ਉਮਰ ’ਚ ਉਹ ਕਿੱਥੇ ਜਾਣ। ਬਜ਼ੁਰਗ ਨੇ ਇਨਸਾਫ਼ ਦੀ ਮੰਗ ਕੀਤੀ ਹੈ।