ਪੱਤਰ ਪ੍ਰੇਰਕ
ਮਾਛੀਵਾੜਾ, 16 ਜੂਨ
ਮਾਛੀਵਾੜਾ ਤੋਂ ਪਿੰਡ ਨੂਰਪੁਰ ਨੂੰ ਜਾਂਦੀ ਸੜਕ ’ਤੇ ਇਤਿਹਾਸਕ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਨੇੜੇ ਵਗਦੀ ਡਰੇਨ ’ਤੇ ਬਣੀ ਖਸਤਾ ਹਾਲਤ ਪੁਲੀ ਲੋਕਾਂ ਲਈ ਜਾਨ ਦਾ ਖੋਅ ਬਣੀ ਹੋਈ ਹੈ ਅਤੇ ਕਦੇ ਵੀ ਹਾਦਸਾ ਵਾਪਰਨ ਕਾਰਨ ਜਾਨੀ-ਮਾਲੀ ਨੁਕਸਾਨ ਹੋ ਸਕਦਾ ਹੈ। ਇਸ ਸਬੰਧੀ ਇਲਾਕੇ ਦੇ ਲੋਕਾਂ ਵੱਲੋਂ ਲੋਕ ਨਿਰਮਾਣ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਜਾਣੂ ਕਰਵਾਉਂਦਿਆਂ ਕਿਹਾ ਕਿ ਡਰੇਨ ’ਤੇ ਬਣੀ ਇਸ ਪੁਲੀ ਦੇ ਦੋਵੇਂ ਪਾਸੇ ਬਣੀਆਂ ਦੀਵਾਰਾਂ ਢਹਿ ਚੁੱਕੀਆਂ ਹਨ ਅਤੇ ਕਦੇ ਵੀ ਕੋਈ ਵਿਅਕਤੀ ਹਾਦਸੇ ਦਾ ਸ਼ਿਕਾਰ ਹੋ ਕੇ ਸੂਏ ਵਿਚ ਡਿੱਗ ਆਪਣੀ ਜਾਨ ਗਵਾ ਸਕਦਾ ਹੈ। ਇਸ ਤੋਂ ਇਲਾਵਾ ਲੋਕਾਂ ਨੇ ਦੱਸਿਆ ਕਿ ਪਹਿਲਾਂ ਵੀ ਇਸ ਪੁਲੀ ’ਤੇ ਕਈ ਛੋਟੇ-ਛੋਟੇ ਹਾਦਸੇ ਵਾਪਰ ਚੁੱਕੇ ਹਨ ਪਰ ਇਸ ਦੇ ਬਾਵਜੂਦ ਵੀ ਲੋਕ ਨਿਰਮਾਣ ਵਿਭਾਗ ਤੇ ਪ੍ਰਸ਼ਾਸਨ ਵੱਲੋਂ ਇਸ ਦੀ ਮੁਰੰਮਤ ਲਈ ਕੋਈ ਉਪਰਾਲਾ ਨਾ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਿੰਦਰ ਸਿੰਘ ਨੂਰਪੁਰ ਨੇ ਦੱਸਿਆ ਕਿ ਜੇਕਰ ਆਉਣ ਵਾਲੇ ਸਮੇਂ ’ਚ ਸਰਕਾਰ ਤੇ ਪ੍ਰਸ਼ਾਸਨ ਦੀ ਲਾਪ੍ਰਵਾਹੀ ਕਾਰਨ ਇੱਥੇ ਕੋਈ ਹਾਦਸਾ ਵਾਪਰਿਆ ਤਾਂ ਉਸ ਲਈ ਜ਼ਿੰਮੇਵਾਰ ਸਬੰਧਤ ਅਧਿਕਾਰੀ ਹੋਣਗੇ, ਇਸ ਲਈ ਉਹ ਮੰਗ ਕਰਦੇ ਹਨ ਕਿ ਜਲਦ ਤੋਂ ਜਲਦ ਡਰੇਨ ’ਤੇ ਬਣੀ ਪੁਲੀ ਦੀ ਮੁਰੰਮਤ ਕਰਵਾਈ ਜਾਵੇ।