ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 12 ਅਗਸਤ
ਸ਼੍ਰੋਮਣੀ ਅਕਾਲੀ ਦਲ ਕੋਰ ਕਮੇਟੀ ਦੇ ਮੈਂਬਰ ਤੇ ਸਾਬਕਾ ਨਗਰ ਕੌਂਸਲ ਪ੍ਰਧਾਨ ਉਜਾਗਰ ਸਿੰਘ ਬੈਨੀਪਾਲ ਅਤੇ ਸ਼ਹਿਰੀ ਪ੍ਰਧਾਨ ਜਸਪਾਲ ਸਿੰਘ ਜੱਜ ਨੇ ਇਤਿਹਾਸਕ ਸ਼ਹਿਰ ਮਾਛੀਵਾੜਾ ਦੀਆਂ ਖਸਤਾ ਹਾਲ ਸੜਕਾਂ ਦਾ ਹਾਲ ਦਿਖਾਉਂਦਿਆਂ ਕਿਹਾ ਕਿ ਲੋਕ ਪਿਛਲੇ ਕਈ ਸਾਲਾਂ ਤੋਂ ਇਨ੍ਹਾਂ ਦਾ ਸੰਤਾਪ ਭੋਗ ਰਹੇ ਅਤੇ ਲੋਕ ਹਿਤੈਸ਼ੀ ਕਹਾਉਣ ਵਾਲੀ ‘ਆਪ’ ਸਰਕਾਰ ਨੇ ਵੀ ਸੜਕਾਂ ਦਾ ਕੋਈ ਹਾਲ ਨਾ ਪੁੱਛਿਆ। ਉਕਤ ਆਗੂਆਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੜ੍ਹੀ ਪੁਲ ਤੋਂ ਸਤਲੁਜ ਦਰਿਆ ਤੱਕ ਜਾਂਦੀ ਸੜਕ ਦੀ ਹਾਲਤ ਬੇਹੱਦ ਤਰਸਯੋਗ ਬਣੀ ਹੋਈ ਹੈ, ਉੱਥੇ ਮਾਛੀਵਾੜਾ ਤੋਂ ਪਿੰਡ ਪਵਾਤ ਤੱਕ ਗੁਰੂ ਗੋਬਿੰਦ ਸਿੰਘ ਮਾਰਗ ਵੀ ਖੇਂਰੂ-ਖੇਂਰੂ ਹੋ ਚੁੱਕੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਮਾਛੀਵਾੜਾ ਤੋਂ ਕੁਹਾੜਾ ਤੱਕ ਜਾਣ ਵਾਲੀ ਕਰੀਬ 18 ਕਿਲੋਮੀਟਰ ਲੰਬੀ ਸੜਕ ਵੀ ਠੇਕੇਦਾਰ ਵਲੋਂ ਘਟੀਆ ਮੈਟੀਰੀਅਲ ਵਰਤਣ ਕਾਰਨ ਥਾਂ-ਥਾਂ ਤੋਂ ਟੁੱਟ ਚੁੱਕੀ ਹੈ, ਜਿਸ ਕਾਰਨ ਪਿੰਡ ਵਾਸੀਆਂ ਤੇ ਰਾਹਗੀਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਸਮੇਂ ਵੀ ਹਲਕੇ ਦਾ ਵਿਕਾਸ ਨਾ ਹੋਇਆ ਅਤੇ ਸੜਕਾਂ ਜਿਉਂ ਦੀਆਂ ਤਿਉਂ ਰਹੀਆਂ ਅਤੇ ਹੁਣ ਲੋਕਾਂ ਨਾਲ ਗਾਰੰਟੀਆਂ ਕਰਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਸਰਕਾਰ ਵੀ ਲੋਕਾਂ ਦੀਆਂ ਉਮੀਦਾਂ ’ਤੇ ਖ਼ਰੀ ਉਤਰਦੀ ਨਜ਼ਰ ਨਹੀਂ ਆ ਰਹੀ। ਉਨ੍ਹਾਂ ਕਿਹਾ ਕਿ ਸਰਕਾਰ ਦੀ ਨਲਾਇਕੀ ਦਾ ਇਸ ਗੱਲ ਤੋਂ ਪਤਾ ਲਗਾਇਆ ਜਾ ਸਕਦਾ ਹੈ ਕਿ ਆਪਣੇ 5 ਮਹੀਨਿਆਂ ਦੇ ਕਾਰਜਕਾਲ ਦੌਰਾਨ ਉਹ ਕਿਸੇ ਵੀ ਸੜਕ ’ਤੇ ਪੈਚ ਵਰਕ ਤੱਕ ਵੀ ਨਹੀਂ ਲਗਾਇਆ ਗਿਆ, ਜਿਸ ਕਾਰਨ ਲੋਕਾਂ ਵਿੱਚ ਸਰਕਾਰ ਪ੍ਰਤੀ ਰੋਸ ਪਾਇਆ ਜਾ ਰਿਹਾ ਹੈ।