ਜੋਗਿੰਦਰ ਸਿੰਘ ਓਬਰਾਏ
ਖੰਨਾ, 10 ਸਤੰਬਰ
ਕਰੋਨਾਵਾਇਰਸ ਕਾਰਨ ਲੱਗੇ ਕਰਫਿਊ ਉਪਰੰਤ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਾਰੀ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਸ ਦੌਰਾਨ ਅੱਜ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਨਿਰਦੇਸ਼ਾਂ ’ਤੇ ਖੰਨਾ ਵਿੱਚ ਪਸ਼ੂ ਮੇਲਾ ਭਰਿਆ, ਜਿੱਥੇ ਪੁੱਜੇ ਪਸ਼ੂ ਵਪਾਰੀਆਂ, ਖਰੀਦਦਾਰਾਂ ਅਤੇ ਵੇਚਣ ਵਾਲਿਆਂ ਵੱਲੋਂ ਕੋਵਿਡ-19 ਦੀਆਂ ਹਦਾਇਤਾਂ ਦਾ ਸ਼ਰੇਆਮ ਉਲੰਘਣ ਕੀਤਾ ਗਿਆ। ਲੋਕਾਂ ਨੇ ਆਪਸ ਵਿਚ ਕੋਈ ਵੀ ਸਮਾਜਿਕ ਦੂਰੀ ਨਹੀਂ ਰੱਖੀ ਅਤੇ ਕਈ ਲੋਕ ਬਿਨਾਂ ਮਾਸਕ ਤੋਂ ਘੁੰਮਦੇ ਨਜ਼ਰ ਆਏ। ਜਿਕਰਯੋਗ ਹੈ ਕਿ ਖੰਨਾ ਵਿੱਚ ਸਰਕਾਰ ਦੀਆਂ ਹਦਾਇਤਾਂ ’ਤੇ ਹਰ ਮਹੀਨੇ ਪਸ਼ੂ ਮੇਲਾ ਭਰਦਾ ਹੈ, ਜਿੱਥੇ ਵੱਖ-ਵੱਖ ਸੂਬਿਆਂ ਵਿਚੋਂ ਹਜ਼ਾਰਾਂ ਦੀ ਗਿਣਤੀ ਵਿੱਚ ਪਸ਼ੂ ਵਪਾਰੀਆਂ ਤੇ ਖਰੀਦਦਾਰਾਂ ਦਾ ਭਾਰੀ ਇੱਕਠ ਹੁੰਦਾ ਹੈ। ਇਸ ਮੇਲੇ ਵਿੱਚ ਸਰਕਾਰ ਵੱਲੋਂ ਨਾ ਕੋਈ ਜਾਗਰੂਕਤਾ ਕੈਂਪ ਲਾਇਆ ਗਿਆ, ਨਾ ਮਾਸਕ ਉਪਲੱਬਧ ਕਰਵਾਏ ਅਤੇ ਨਾ ਹੀ ਕੋਈ ਮੈਡੀਕਲ ਟੀਮ ਤਾਇਨਾਤ ਕੀਤੀ ਗਈ।
ਅਧਿਕਾਰੀ ਨੇ ਪੱਲਾ ਝਾੜਿਆ
ਜ਼ਿਲ੍ਹਾ ਲੁਧਿਆਣਾ ਦੇ ਡੀਡੀਪੀਓ-ਕਮ- ਪਸ਼ੂ ਮੇਲਾ ਅਫਸਰ ਪਿਯੂਸ਼ ਚੰਦਰ ਨੇ ਕਿਹਾ ਕਿ ਉਨ੍ਹਾਂ ਦਾ ਪਹਿਲਾ ਕੰਮ ਪਸ਼ੂ ਮੇਲਿਆਂ ਵਿਚ ਆਉਣ ਵਾਲੇ ਵਪਾਰੀਆਂ ਦੇ ਕਾਰੋਬਾਰ ਨੂੰ ਚਲਾਉਣ ਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਕੰਮ ਜਾਗਰੂਕ ਕਰਨਾ ਹੈ, ਕਰੋਨਾ ਤੋਂ ਬਚਾਅ ਅਤੇ ਆਪਣਾ ਧਿਆਨ ਤਾਂ ਹਰੇਕ ਵਿਅਕਤੀ ਨੂੰ ਖੁਦ ਰੱਖਣਾ ਹੋਵੇਗਾ।