ਗਗਨਦੀਪ ਅਰੋੜਾ/ਸਤਵਿੰਦਰ ਬਸਰਾ
ਲੁਧਿਆਣਾ, 2 ਅਗਸਤ
ਸਨਅਤੀ ਸ਼ਹਿਰ ’ਚ ਮਰੀਜ਼ਾਂ ਦੀਆਂ ਮੁਸ਼ਕਿਲਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ। ਸਰਕਾਰ ਵੱਲੋਂ ਛੇਵੇਂ ਤਨਖ਼ਾਹ ਕਮਿਸ਼ਨ ਵਿੱਚ ਨਾਨ ਪ੍ਰੈਕਟਿਸ ਅਲਾਇੰਸ ’ਚ ਕਟੌਤੀ ਖ਼ਿਲਾਫ਼ ਪਿਛਲੇ ਕਰੀਬ 45 ਦਿਨਾਂ ਤੋਂ ਚੱਲ ਰਹੀ ਡਾਕਟਰਾਂ ਦੀ ਹੜਤਾਲ ਵਧਦੀ ਜਾ ਰਹੀ ਹੈ। ਜਾਣਕਾਰੀ ਮੁਤਾਬਿਕ ਪੀਸੀਐੱਮਐੱਸ ਐਸੋਸੀਏਸ਼ਨ ਦੇ ਸੱਦੇ ’ਤੇ ਅੱਜ ਸਵੇਰੇ 9 ਵਜੇ ਡਾਕਟਰ ਸਿਵਲ ਸਰਜਨ ਦਫ਼ਤਰ ’ਚ ਇਕੱਠੇ ਹੋਏ, ਜਿਸ ਦੌਰਾਨ ਉਨ੍ਹਾਂ ਵੱਲੋਂ ਸਿਵਲ ਸਰਜਨ ਡਾ. ਕਿਰਨ ਆਹਲੂਵਾਲੀਆ ਨਾਲ ਮੀਟਿੰਗ ਕੀਤੀ ਗਈ। ਇਸ ਮਗਰੋਂ ਡਾਕਟਰਾਂ ਨੇ ਸਵਾ ਕੁ 10 ਵਜੇ ਸਿਵਲ ਸਰਜਨ ਦਫ਼ਤਰ ’ਚ ਜਿੰਦਰਾ ਜੜ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਡਾਕਟਰਾਂ ਦਾ ਕਹਿਣਾ ਸੀ ਕਿ ਸਰਕਾਰ ਉਨ੍ਹਾਂ ਦੀਆਂ ਜਾਇਜ਼ ਮੰਗਾਂ ਪੂਰੀਆਂ ਨਹੀਂ ਕਰ ਰਹੀ। ਕਰੋਨਾ ਕਾਲ ’ਚ ਡਾਕਟਰ ਆਪਣੀ ਜਾਨ ਜੋਖਮ ’ਚ ਪਾ ਕੇ ਡਿਊਟੀ ਕਰ ਰਹੇ ਹਨ। ਉਸ ਤੋਂ ਬਾਅਦ ਵੀ ਸਰਕਾਰ ਨੇ ਗਲਤ ਫੈਸਲਾ ਲੈ ਕੇ ਉਤਸ਼ਾਹਿਤ ਕਰਨ ਦੀ ਬਜਾਏ ਉਨ੍ਹਾਂ ਨੂੰ ਨਿਰਾਸ਼ ਕੀਤਾ ਹੈ।
ਪੀਸੀਐੱਮਐੱਸ ਐਸੋਸੀਏਸ਼ਨ ਦੇ ਐਗਜ਼ੈਕਟਿਵ ਮੈਂਬਰ ਡਾ. ਅਖਿਲ ਸਰੀਨ ਨੇ ਕਿਹਾ ਕਿ ਸਿਵਲ ਸਰਜਨ ਦਫ਼ਤਰ ਬੰਦ ਕਰਨ ਦੇ ਬਾਵਜੂਦ ਵੀ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਨਾ ਕੀਤਾ ਤਾਂ ਫਿਰ ਪੰਜ ਅਗਸਤ ਨੂੰ ਚੰਡੀਗੜ੍ਹ ’ਚ ਡਾਇਰੈਕਟਰ ਸਿਹਤ ਵਿਭਾਗ ਦੇ ਦਫ਼ਤਰ ਨੂੰ ਜਿੰਦਰਾ ਲਾਇਆ ਜਾਵੇਗਾ। ਇਸ ਦੌਰਾਨ ਪੀਸੀਐੱਮਐੱਸ ਐਸੋਸੀਏਸ਼ਨ ਦੇ ਐਗਜ਼ੈਕਟਿਵ ਮੈਂਬਰ ਡਾ. ਅਖਿਲ ਸਰੀਨ, ਡਾ. ਹਰਪ੍ਰੀਤ ਸੇਖੋਂ, ਡਾ. ਐਮ ਭਸੀਨ, ਡਾ. ਸੰਦੀਪ ਸਿੰਘ, ਡਾ. ਕੁਲਵੰਤ ਸਿੰਘ, ਡਾ. ਆਸ਼ੀਸ਼ ਚਾਵਲਾ, ਡਾ. ਰਿਪੂ ਦਮਨ, ਡਾ. ਪੁਨੀਤ, ਡਾ. ਧੀਰਜ, ਡਾ. ਹਰਪ੍ਰੀਤ ਬੈਂਸ, ਡਾ. ਅਮਨਪ੍ਰੀਤ, ਡਾ. ਦਵਿੰਦਰ, ਡਾ. ਅੰਮ੍ਰਿਤ, ਡਾ. ਰੋਹਿਤ ਰਾਮਪਾਲ, ਡਾ. ਜੀ.ਐਸ ਗਰੇਵਾਲ ਤੇ ਡਾ. ਹਰੀਸ਼ ਸਮੇਤ ਕਰੀਬ 50 ਤੋਂ ਜ਼ਿਆਦਾ ਡਾਕਟਰ ਮੌਜੂਦ ਸਨ।
ਇਸ ਦੌਰਾਨ ਛੇਵੇਂ ਤਨਖ਼ਾਹ ਕਮਿਸ਼ਨ ਵਾਲੀ ਰਿਪੋਰਟ ਦੀਆਂ ਸਿਫਾਰਸ਼ਾਂ ਅਤੇ ਸਰਕਾਰ ਦੀ ਡਾਕਟਰ ਵਿਰੋਧੀ ਨੀਤੀ ਤੋਂ ਖਫ਼ਾ ਵੈਟਰਨਰੀ ਡਾਕਟਰਾਂ ਨੇ ਅੱਜ ਇੱਥੇ ਪਸ਼ੂ ਪਾਲਣ ਵਿਭਾਗ ਦੇ ਜ਼ਿਲ੍ਹਾ ਸਦਰ ਮੁਕਾਮ ‘ਤੇ ਧਰਨਾ ਦੇ ਕੇ ਸਮੁੱਚਾ ਸਰਕਾਰੀ ਕੰਮਕਾਜ ਠੱਪ ਕਰ ਦਿੱਤਾ। ਡਿਪਟੀ ਡਾਇਰੈਕਟਰ ਦਫਤਰ ਦੇ ਵਰਾਂਡੇ ‘ਚ ਧਰਨਾ ਲਾ ਕੇ ਬੈਠੇ ਡਾਕਟਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਆਪਣਾ ਗੁੱਸਾ ਜ਼ਾਹਿਰ ਕੀਤਾ। ਇਸ ਦੌਰਾਨ ਪੰਜਾਬ ਸਟੇਟ ਵੈਟਰਨਰੀ ਅਫਸਰਜ਼ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਡਾ. ਚਤਿੰਦਰ ਸਿੰਘ ਰਾਏ ਕਿਹਾ ਕਿ ਇਹ ਕੰਮ ਰੋਕੂ ਧਰਨਾ ਵੱਖ-ਵੱਖ ਕੈਟਾਗਰੀਆਂ ਦੇ ਡਾਕਟਰਾਂ ਦੀ ਸਾਂਝੀ ਕੋ-ਆਰਡੀਨੇਸ਼ਨ ਕਮੇਟੀ ਵੱਲੋਂ ਦਿੱਤੇ ਸੱਦੇ ਤਹਿਤ ਦਿੱਤਾ ਗਿਆ ਹੈ, ਜੋ ਮੰਗਲਵਾਰ ਤੱਕ ਜਾਰੀ ਰਹੇਗਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਸਰਕਾਰ ਵੱਲੋਂ ਮੁਲਾਜ਼ਮ ਮੰਗਾਂ ਦੀ ਪੂਰਤੀ ਲਈ ਬਣਾਈ ਕੈਬਨਿਟ ਸਬ ਕਮੇਟੀ ਮੰਗਲਵਾਰ ਸ਼ਾਮ ਤੱਕ ਕੋਈ ਸਾਰਥਕ ਐਲਾਨ ਨਹੀਂ ਕਰਦੀ ਤਾਂ ਉਹ ਪਸ਼ੂ ਪਾਲਣ ਵਿਭਾਗ ਦੇ ਮੁਹਾਲੀ ਸਥਿਤ ਸੂਬਾ ਸਦਰ ਮੁਕਾਮ ਨੂੰ ਵੀ ਜਾਮ ਕਰਨ ਤੋਂ ਗੁਰੇਜ਼ ਨਹੀਂ ਕਰਨਗੇ। ਇਸ ਰੋਸ ਧਰਨੇ ਵਿੱਚ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਪਰਮਦੀਪ ਸਿੰਘ ਵਾਲੀਆ , ਸਹਾਇਕ ਨਿਰਦੇਸ਼ਕ ਡਾ. ਨੀਲਮ ਗਰੋਵਰ ਅਤੇ ਸਾਰੇ ਐਸ. ਵੀ. ਓ. ਤੋਂ ਇਲਾਵਾ ਜ਼ਿਲ੍ਹੇ ਭਰ ਤੋਂ ਵੱਡੀ ਗਿਣਤੀ ਵੈਟਰਨਰੀ ਅਫ਼ਸਰ ਸ਼ਾਮਲ ਹੋਏ। ਇਸ ਰੋਸ ਧਰਨੇ ਨੂੰ ਪੰਜਾਬ ਸਟੇਟ ਵੈਟਰਨਰੀ ਅਫਸਰ ਐਸੋਸੀਏਸ਼ਨ ਦੇ ਸੂਬਾ ਜਨਰਲ ਸਕੱਤਰ ਡਾ. ਦਰਸ਼ਨ ਖੇੜੀ ਤੋਂ ਇਲਾਵਾ ਡਾ. ਗਗਨਦੀਪ ਕੋਸ਼ਲ , ਡਾ. ਅਮਨਪਰੀਤ ਸਿੰਘ ਅਤੇ ਡਾ. ਪ੍ਰਸੋ਼ਤਮ ਸਿੰਘ ਨੇ ਵੀ ਸੰਬੋਧਨ ਕੀਤਾ। ਡਾਕਟਰਾਂ ਦੀ ਇਸ ਹੜਤਾਲ ਕਾਰਨ ਐਮਰਜੈਂਸੀ ਅਤੇ ਵੈਟਰੋ ਲੀਗਲ ਕੇਸਾਂ ਤੋਂ ਸਿਵਾਏ ਹਰ ਤਰ੍ਹਾਂ ਦੀਆਂ ਵੈਟਰਨਰੀ ਸੇਵਾਵਾਂ, ਸੈਂਟਰਲ ਸਕੀਮਾਂ, ਮਸਨੂਈ ਗਰਭ ਦਾਨ, ਗਲ ਘੋਟੂ ਦੀ ਵੈਕਸੀਨ, ਵਿਭਾਗੀ ਸਿਖਲਾਈ ਅਤੇ ਸਰਕਾਰੀ ਮੀਟਿੰਗਾਂ ਦਾ ਵੀ ਪੂਰਨ ਬਾਈਕਾਟ ਰਿਹਾ। ਜ਼ਿਕਰਯੋਗ ਹੈ ਕਿ ਮੈਡੀਕਲ ਅਤੇ ਵੈਟਰਨਰੀ ਡਾਕਟਰ ਐਨਪੀਏ ਵਿੱਚ ਕਟੌਤੀ ਨੂੰ ਲੈ ਕੇ ਪਿਛਲੇ ਸਵਾ ਮਹੀਨੇ ਤੋਂ ਲਗਾਤਾਰ ਸਘੰਰਸ਼ ਕਰ ਰਹੇ ਹਨ ਪਰ ਸਰਕਾਰ ਦੀ ਲਾਰੇ ਲੱਪੇ ਵਾਲੀ ਨੀਤੀ ਹਾਲੇ ਤੀਕ ਜਾਰੀ ਹੈ।