ਨਿੱਜੀ ਪੱਤਰ ਪ੍ਰੇਰਕ
ਖੰਨਾ, 4 ਨਵੰਬਰ
ਇੱਥੇ ਕੌਮੀ ਮਾਰਗ ’ਤੇ ਵਾਪਰੇ ਹਾਦਸੇ ਕਾਰਨ ਕੈਂਟਰ ਚਾਲਕ ਦੀ ਮੌਤ ਹੋ ਗਈ। ਹਾਦਸੇ ਉਪਰੰਤ ਸੜਕ ਸੁਰੱਖਿਆ ਬਲ ਅਤੇ ਰਾਹਗੀਰਾਂ ਨੇ ਕਰੀਬ ਢਾਈ ਘੰਟਿਆਂ ਦੇ ਮੁਸ਼ੱਕਤ ਮਗਰੋਂ ਵਾਹਨ ਚਾਲਕ ਦੀ ਲਾਸ਼ ਨੂੰ ਬਾਹਰ ਕੱਢਿਆ। ਮ੍ਰਿਤਕ ਦੀ ਪਛਾਣ ਬਿਹਾਰ ਵਾਸੀ ਰੋਹਿਤ ਕੁਮਾਰ ਵਜੋਂ ਹੋਈ ਜੋ ਨਵੀਂ ਦਿੱਲੀ ਵਿੱਚ ਟ੍ਰਾਂਸਪੋਰਟ ਕੰਪਨੀ ਵਿਚ ਡਰਾਈਵਰ ਵਜੋਂ ਨੌਕਰੀ ਕਰਦਾ ਸੀ। ਜਾਣਕਾਰੀ ਅਨੁਸਾਰ ਰੋਹਿਤ ਕੁਮਾਰ ਆਪਣੇ ਕੈਂਟਰ ’ਚ ਸਾਮਾਨ ਲੱਦ ਕੇ ਲੁਧਿਆਣਾ ਵੱਲ ਜਾ ਰਿਹਾ ਸੀ। ਖੰਨਾ ਦੇ ਬਿਰਧ ਆਸ਼ਰਮ ਨੇੜੇ ਕੈਂਟਰ ਨੇ ਅੱਗੇ ਚੱਲ ਰਹੇ ਟਰੱਕ ਨੂੰ ਟੱਕਰ ਮਾਰ ਦਿੱਤੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸੜਕ ਸੁਰੱਖਿਆ ਟੀਮ ਦੇ ਸਬ-ਇੰਸਪੈਕਟਰ ਸੁਖਦੇਵ ਸਿੰਘ ਆਪਣੀ ਟੀਮ ਨਾਲ ਘਟਨਾ ਸਥਾਨ ’ਤੇ ਪੁੱਜੇ ਅਤੇ ਲਾਸ਼ ਨੂੰ ਬਾਹਰ ਕੱਢਿਆ।