ਜੋਗਿੰਦਰ ਸਿੰਘ ਓਬਰਾਏ
ਖੰਨਾ, 11 ਸਤੰਬਰ
ਇਥੋਂ ਦੇ ਉੱਤਮ ਨਗਰ ਵਿੱਚ ਅੱਜ ਸਵੇਰੇ ਦੋ ਮੋਟਰ ਸਾਈਕਲ ਸਵਾਰਾਂ ਨੇ ਘਰ ਦੇ ਬਾਹਰ ਬੈਠੀ ਇੱਕ ਬਿਰਧ ਔਰਤ ਦੇ ਕੰਨਾਂ ਵਿੱਚੋਂ ਸੋਨੇ ਦੀਆਂ ਵਾਲੀਆਂ ਲਾ ਲਈਆਂ, ਜਿਸ ਕਾਰਨ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇੱਕ 78 ਸਾਲ ਔਰਤ ਸਵੇਰੇ ਆਪਣੇ ਘਰ ਦੇ ਬਾਹਰ ਬੈਠੀ ਸੀ ਕਿ ਦੋ ਨੌਜਵਾਨ ਬਗ਼ੈਰ ਨੰਬਰ ਵਾਲੇ ਮੋਟਰਸਾਈਕਲ ’ਤੇ ਆਏ ਅਤੇ ਵਾਲ਼ੀਆਂ ਲਾ ਕੇ ਫ਼ਰਾਰ ਹੋ ਗਏ।
ਬਿਰਧ ਕਮਲੇਸ਼ ਰਾਣੀ ਦੇ ਪੁੱਤਰ ਰੋਹਿਤ ਸ਼ਾਹੀ ਨੇ ਦੱਸਿਆ ਕਿ ਉਨ੍ਹਾਂ ਦੀ ਮਾਤਾ ਘਰ ਦੇ ਬਾਹਰ ਬੈਠੇ ਸੀ ਕਿ ਦੋ ਲੜਕੇ ਜਿਨ੍ਹਾਂ ਨੇ ਮੂੰਹ ਢੱਕਿਆ ਹੋਇਆ ਸੀ, ਨੇ ਰਸਤਾ ਪੁੱਛਣ ਦੇ ਬਹਾਨੇ ਉਨ੍ਹਾਂ ਦੀਆਂ ਵਾਲ਼ੀਆਂ ਲਾਹ ਲਈਆਂ। ਉਪਰੋਕਤ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ।
ਮੱਥਾ ਟੇਕਣ ਗਿਆਂ ਦੇ ਚੇਨ ਤੇ ਪਰਸ ਝਪਟੇ
ਜਗਰਾਉਂ (ਪੱਤਰ ਪ੍ਰੇਰਕ): ਝੱਪਟਮਾਰਾਂ ਨੇ ਠਾਠ ਨਾਨਕਸਰ ਕਲੇਰਾਂ ਵਿੱਚ ਨਤਮਸਤਕ ਹੋਣ ਆਏ ਸ਼ਰਧਾਲੂਆਂ ਤੋਂ ਸੋਨੇ ਦੀ ਚੇਨ ਅਤੇ ਪਰਸ ਝਪਟ ਕੇ ਥੋੜ੍ਹੀ ਦੂਰ ਖੜ੍ਹੀ ਚਿੱਟੇ ਰੰਗ ਦੀ ਸਵਿਫਟ ਡਿਜ਼ਾਈਰ ਪੀਬੀ.11ਸੀ ਐੱਮ.9604 ਵਿੱਚ ਫ਼ਰਾਰ ਹੋ ਗਏ। ਪੀੜਤ ਸ਼ਰਧਾਲੂ ਸੁਖਵਿੰਦਰ ਸਿੰਘ ਵਾਸੀ ਜਨਤਾ ਨਗਰ ਲੁਧਿਆਣਾ ਨੇ ਪੁਲੀਸ ਨੂੰ ਦੱਸਿਆ ਕਿ ਉਹ ਨਾਨਕਸਰ ਵਿੱਚ ਮੱਥਾ ਟੇਕਣ ਲਈ ਆਪਣੇ ਦੋਸਤ ਜਸਵੰਤ ਸਿੰਘ ਨਾਲ ਆਇਆ ਸੀ। ਜਦੋਂ ਡਿਊਡੀ ਕੋਲੋਂ ਪ੍ਰਸ਼ਾਦ ਲੈਣ ਲੱਗੇ ਤਾਂ ਇੱਕ ਵਿਅਕਤੀ ਨੇ ਉਸਦੇ ਹੱਥੋਂ ਪਰਸ ਝਪਟ ਲਿਆ ਅਤੇ ਦੂਜੀ ਔਰਤ ਨੇ ਉਸਦੇ ਗਲੇ ਵਿੱਚ ਪਾਈ ਸੋਨੇ ਦੀ ਢਾਈ ਤੋਲੇ ਦੀ ਚੇਨ ਖੋਹ ਲਈ। ਪਰਸ ਖੋਹਣ ਵਾਲੇ ਵਿਅਕਤੀ ਦਾ ਨਾਮ ਗੁਰਜੰਟ ਸਿੰਘ ਵਾਸੀ ਨਿਊ ਬਾਲਮੀਕਿ ਬਸਤੀ ਨਾਭਾ (ਪਟਿਆਲਾ) ਦੱਸਿਆ ਜਾ ਰਿਹਾ ਹੈ।