ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 20 ਜਨਵਰੀ
ਪੰਜਾਬ ਵਿਧਾਨ ਸਭਾ ਚੋਣਾਂ ਲਈ ਵੋਟਾਂ ਪੈਣ ’ਚ ਅੱਜ ਮਹੀਨਾ ਰਹਿ ਗਿਆ ਜਾਂ ਇਓਂ ਕਹਿ ਲਓ ਕਿ ਅੱਜ ਤੋਂ ਪੁੱਠੀ ਗਿਣਤੀ ਸ਼ੁਰੂ ਹੋ ਗਈ। ਇਸ ਦੇ ਬਾਵਜੂਦ ਸਿਆਸੀ ਮਾਹੌਲ ਠੰਢਾ ਹੀ ਚੱਲ ਰਿਹਾ ਹੈ। ਇਸ ਦਾ ਇਕ ਕਾਰਨ ਠੰਢ ਅਤੇ ਦੂਸਰਾ ਕਰੋਨਾ ਨੇਮਾਂ ਕਰਕੇ ਚੋਣ ਕਮਿਸ਼ਨ ਵੱਲੋਂ ਕੀਤੀਆਂ ਹਦਾਇਤਾਂ ਹਨ। ਰਾਖਵਾਂ ਹਲਕਾ ਜਗਰਾਉਂ ’ਚ ਇਕ ਮੁੱਖ ਕਾਰਨ ਕਾਂਗਰਸ ਸਮੇਤ ਹੋਰਨਾਂ ਪਾਰਟੀਆਂ ਵੱਲੋਂ ਉਮੀਦਵਾਰਾਂ ਦਾ ਐਲਾਨ ਨਾ ਕਰਨਾ ਵੀ ਹੈ। ਉਂਜ ਹਾਲੇ ਭਾਜਪਾ-ਕੈਪਟਨ-ਢੀਂਡਸਾ ਗਠਜੋੜ ਤੇ ਸੰਯੁਕਤ ਸਮਾਜ ਮੋਰਚਾ ਵੱਲੋਂ ਵੀ ਇਸ ਹਲਕੇ ਤੋਂ ਉਮੀਦਵਾਰਾਂ ਦਾ ਐਲਾਨ ਕਰਨਾ ਬਾਕੀ ਹੈ। ਹਾਲੇ ਤੱਕ ਇਸ ਹਲਕੇ ਤੋਂ ਅਕਾਲੀ-ਬਸਪਾ ਗਠਜੋੜ ਨੇ ਸਾਬਕਾ ਵਿਧਾਇਕ ਐੱਸਆਰ ਕਲੇਰ ਅਤੇ ਆਮ ਆਦਮੀ ਪਾਰਟੀ ਨੇ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਨੂੰ ਹੀ ਇਥੋਂ ਉਮੀਦਵਾਰ ਐਲਾਨਿਆ ਹੈ। ਇਹ ਦੋਵੇਂ ਉਮੀਦਵਾਰ ਕਿਉਂਕਿ ਬਹੁਤ ਪਹਿਲਾਂ ਐਲਾਨ ਦਿੱਤੇ ਗਏ ਸਨ ਜਿਸ ਕਰਕੇ ਉਹ ਸਮੁੱਚੇ ਹਲਕੇ ਦਾ ਇਕ ਦੌਰਾ ਮੁਕੰਮਲ ਵੀ ਕਰ ਚੁੱਕੇ ਹਨ। ਭਾਜਪਾ ਵੱਲੋਂ ਇਥੋਂ ਇਕ ਸਾਬਕਾ ਤਹਿਸੀਲਦਾਰ ਨੇ ਬਤੌਰ ਹਲਕਾ ਇੰਚਾਰਜ ਸਰਗਰਮੀ ਦਿਖਾਈ ਹੈ। ਕਿਸਾਨਾਂ ਵੱਲੋਂ ਬਣਾਏ ਮੋਰਚੇ ਵੱਲੋਂ ਹਾਲੇ ਇਥੋਂ ਕੋਈ ਉਮੀਦਵਾਰ ਮੈਦਾਨ ’ਚ ਨਿੱਤਰਿਆ ਨਜ਼ਰ ਨਹੀਂ ਆ ਰਿਹਾ। ਕਾਂਗਰਸੀ ਵਰਕਰ ਹਲਕੇ ਦੇ ਕਿਸੇ ਆਗੂ ਨੂੰ ਟਿਕਟ ਦੇਣ ਦੀ ਮੰਗ ਕਰਦੇ ਹਨ ਜਦਕਿ ਇਥੋਂ ਕਦੇ ਹਲਕਾ ਗਿੱਲ ਦੇ ਵਿਧਾਇਕ ਕੁਲਦੀਪ ਸਿੰਘ ਵੈਦ, ਕਦੇ ਮੁੱਖ ਮੰਤਰੀ ਦੇ ਭਰਾ ਡਾ. ਮਨੋਹਰ ਸਿੰਘ ਨਾਂ ਬੋਲਦਾ ਹੈ। ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਪੰਜ ਸਾਲ ਬਤੌਰ ਹਲਕਾ ਇੰਚਾਰਜ ਵਿਚਰਦੇ ਰਹੇ ਹਨ ਤੇ ਉਹ ਵੀ ਇਥੋਂ ਦੁਬਾਰਾ ਟਿਕਟ ਦੇ ਦਾਅਵੇਦਾਰ ਹਨ।