ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 5 ਮਈ
ਖੇਤਰ ਦੇ ਕਈ ਪਿੰਡਾਂ ’ਚ ਲੱਗ ਰਹੇ ਬਾਇਓ ਗੈਸ ਪਲਾਂਟ ਹਾਕਮ ਧਿਰ ਆਮ ਆਦਮੀ ਪਾਰਟੀ ਲਈ ਸਿਰਦਰਦੀ ਬਣ ਸਕਦੇ ਹਨ ਜਿਸ ਦੇ ਸੰਕੇਤ ਅੱਜ ਨੇੜਲੇ ਪਿੰਡ ਅਖਾੜਾ ’ਚ ਦੇਖਣ ਨੂੰ ਮਿਲੇ। ਇਸ ਪਿੰਡ ’ਚ ਲੱਗ ਰਹੀ ਗੈਸ ਫੈਕਟਰੀ ਖ਼ਿਲਾਫ਼ ਅੱਜ ਸਾਰਾ ਪਿੰਡ ਹੀ ਸੜਕਾਂ ’ਤੇ ਆ ਗਿਆ। ਰੋਹ ਭਰਪੂਰ ਰੋਸ ਮਾਰਚ ਦੌਰਾਨ ਪਿੰਡ ਵਾਸੀਆਂ ਨੇ ਆਰ-ਪਾਰ ਦੀ ਲੜਾਈ ਦਾ ਬਿਗਲ ਵਜਾ ਦਿੱਤਾ। ਇਸ ਰੋਸ ਪ੍ਰਦਰਸ਼ਨ ’ਚ ਪਿੰਡ ਦੀਆਂ ਔਰਤਾਂ ਅਤੇ ਬੱਚੇ ਵੀ ਭਰਵੀਂ ਗਿਣਤੀ ’ਚ ਸ਼ਾਮਲ ਹੋਏ। ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਪਿੰਡ ਵਾਸੀਆਂ ਨੇ ਫੈਕਟਰੀ ਮੂਹਰੇ ਧਰਨਾ ਦਿੱਤਾ ਸੀ। ਉਪਰੰਤ ਸਥਾਨਕ ਉਪ ਮੰਡਲ ਮੈਜਿਸਟਰੇਟ ਦੇ ਦਫ਼ਤਰ ਬਾਹਰ ਪ੍ਰਦਰਸ਼ਨ ਕਰਕੇ ਮੰਗ-ਪੱਤਰ ਸੌਂਪਿਆ ਸੀ। ਸੜਕਾਂ ’ਤੇ ਨਿੱਕਲੇ ਪਿੰਡ ਵਾਸੀਆਂ ਨੇ ਅੱਜ ਦੱਸਿਆ ਕਿ ਧਰਨੇ ਤੇ ਪ੍ਰਦਰਸ਼ਨ ਤੋਂ ਬਾਅਦ ਦਿੱਤੇ ਮੰਗ ਪੱਤਰ ਦਾ ਵੀ ਪ੍ਰਸ਼ਾਸਨ ’ਤੇ ਕੋਈ ਅਸਰ ਹੋਇਆ ਦਿਖਾਈ ਨਹੀਂ ਦਿੱਤਾ। ਇਸ ਸਬੰਧ ’ਚ ਸੰਘਰਸ਼ ਦੀ ਕੀਤੀ ਤਾੜਨਾ ਨੂੰ ਵੀ ਸਰਕਾਰ ਤੇ ਪ੍ਰਸ਼ਾਸਨ ਨੇ ਹਲਕੇ ’ਚ ਲਿਆ ਹੈ। ਇਸੇ ਦਾ ਨਤੀਜਾ ਹੈ ਕਿ ਸਾਰਾ ਪਿੰਡ ਗੁੱਸੇ ’ਚ ਹੈ ਅਤੇ ਸੜਕਾਂ ’ਤੇ ਹੈ। ਪ੍ਰਦਰਸ਼ਨਕਾਰੀਆਂ ਨੇ ਨਾਅਰੇਬਾਜ਼ੀ ਕਰਦੇ ਹੋਏ ਸਰਕਾਰ ਨੂੰ ਵੀ ਚਿਤਾਵਨੀ ਦਿੱਤੀ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਾ ਪਿੰਡ ’ਚ ਆਉਣ ਦੇ ਘਿਰਾਓ ਕੀਤਾ ਜਾਵੇਗਾ। ਰੋਸ ਮਾਰਚ ਸੰਤ ਗੁਰਬਚਨ ਸਿੰਘ ਖਾਲਸਾ ਯਾਦਗਾਰੀ ਗੇਟ ਤੋਂ ਸ਼ੁਰੂ ਹੋ ਕੇ ਭੰਮੀਪੁਰਾ ਰੋਡ ’ਤੇ ਨਿਰਮਾਣ ਅਧੀਨ ਗੈਸ ਪਲਾਂਟ ਅੱਗੇ ਪੁੱਜਿਆ। ਇਥੇ ਵੱਡੀ ਗਿਣਤੀ ’ਚ ਇਕੱਠੇ ਹੋਏ ਲੋਕਾਂ ਨੇ ਗੈਸ ਪਲਾਂਟ ਬੰਦ ਕਰੋ ਅਤੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਾਏ। ਇਹ ਪ੍ਰਦਰਸ਼ਨਕਾਰੀ ਪਲਾਂਟ ਅੱਗੇ ਪਹਿਲਾਂ ਹੀ ਚੱਲਦੇ ਧਰਨੇ ’ਚ ਪੁੱਜੇ।
ਡਾ. ਸੁਖਦੇਵ ਸਿੰਘ, ਮਾ. ਗੁਰਮੀਤ ਸਿੰਘ, ਪ੍ਰੀਤਮ ਸਿੰਘ ਅਖਾੜਾ, ਗੁਰਤੇਜ ਸਿੰਘ ਸਰਾਂ ਨੇ ਕਿਹਾ ਕਿ ਸਰਕਾਰ ਦੀ ਕਾਰਪੋਰੇਟ ਘਰਾਣਿਆਂ ਨੂੰ ਲਾਹਾ ਪਹੁੰਚਾਉਣ ਦੀ ਯੋਜਨਾ ਕਾਮਯਾਬ ਨਹੀਂ ਹੋਣ ਦਿੱਤੀ ਜਾਵੇਗੀ। ਲੋਕਾਂ ਦੀ ਜ਼ਿੰਦਗੀ ਅਤੇ ਵਾਤਾਵਰਣ ਦਾਅ ’ਤੇ ਲਾ ਕੇ ਸਰਕਾਰ ਅਜਿਹੀਆਂ ਫੈਕਟਰੀਆਂ ਦੀ ਇਜਾਜ਼ਤ ਕਿਵੇਂ ਦੇ ਸਕਦੀ ਹੈ। ਉਨ੍ਹਾਂ ਸੰਘਰਸ਼ਸ਼ੀਲ ਲੋਕਾਂ ਨੂੰ ਇਕਜੁੱਟ ਹੋ ਕੇ ਸਰਕਾਰ ਦੇ ਮਨਸੂਬਿਆਂ ਨੂੰ ਨਾਕਾਮ ਕਰਨ ਦਾ ਸੱਦਾ ਦਿੱਤਾ। ਬੁਲਾਰਿਆਂ ਨੇ ਕਿਹਾ ਕਿ ਪਲਾਂਟ ਦੇ ਹਾਨੀਕਾਰਕ ਕੈਮੀਕਲ ਨਾਲ ਅਨੇਕਾਂ ਬਿਮਾਰੀਆਂ ਜਨਮ ਲੈਣਗੀਆਂ, ਜੋ ਆਉਣ ਵਾਲੀਆਂ ਨਸਲਾਂ ਤੇ ਫ਼ਸਲਾਂ ਲਈ ਹਾਨੀਕਾਰਕ ਸਾਬਤ ਹੋਣਗੀਆਂ। ਪੂੰਜੀਵਾਦੀ ਘਰਾਣਿਆਂ ਵਲੋਂ ਮਨੁੱਖੀ ਮੁੱਲਾਂ ’ਚ ਲਿਆਂਦੇ ਨਿਘਾਰ ’ਤੇ ਫ਼ਿਕਰਮੰਦੀ ਜ਼ਾਹਿਰ ਕਰਦਿਆਂ ਉਨ੍ਹਾਂ ਕਿਹਾ ਕਿ ਸੰਘਰਸ਼ ਹੀ ਅਣ-ਸਰਦੀ ਲੋੜ ਹੈ। ਪਿੰਡ ਵਾਸੀਆਂ ਨੇ ਪਲਾਂਟ ਬੰਦ ਕਰਵਾਉਣ ਤਕ ਸੰਘਰਸ਼ ਜਾਰੀ ਰੱਖਣ ਦਾ ਅਹਿਦ ਲਿਆ। ਇਸ ਮੌਕੇ ਸਰਪੰਚ ਜਸਵਿੰਦਰ ਕੌਰ, ਜਗਜੀਤ ਸਿੰਘ ਖਾਲਸਾ, ਪੰਚ ਬਿੱਕਰ ਸਿੰਘ, ਗੁਰਸੇਵਕ ਸਿੰਘ, ਹਰਦੇਵ ਸਿੰਘ ਘੋਨਾ, ਅੰਗਰੇਜ਼ ਸਿੰਘ, ਸੁਖਜੀਤ ਸਿੰਘ ਹਾਜ਼ਰ ਸਨ।
ਪਿੰਡ ਭੂੰਦੜੀ ਵਿੱਚ ਗੈਸ ਫੈਕਟਰੀ ਖ਼ਿਲਾਫ਼ ਧਰਨਾ ਜਾਰੀ
ਜਗਰਾਉਂ (ਨਿੱਜੀ ਪੱਤਰ ਪ੍ਰੇਰਕ): ਪ੍ਰਦੂਸ਼ਿਤ ਗੈਸ ਫੈਕਟਰੀ ਵਿਰੋਧੀ ਸੰਘਰਸ਼ ਕਮੇਟੀ ਵਲੋਂ ਪਿੰਡ ਭੂੰਦੜੀ ’ਚ ਲੱਗ ਰਹੀ ਗੈਸ ਫੈਕਟਰੀ ਖ਼ਿਲਾਫ਼ ਲਾਇਆ ਪੱਕਾ ਮੋਰਚਾ ਅੱਜ 39ਵੇਂ ਵੀ ਜਾਰੀ ਰਿਹਾ। ਧਰਨੇ ਨੂੰ ਸੰਬੋਧਨ ਕਰਦਿਆਂ ਸੁਖਦੇਵ ਸਿੰਘ ਭੂੰਦੜੀ, ਗੁਰਜੀਤ ਸਿੰਘ ਮੰਤਰੀ, ਜਸਵਿੰਦਰ ਸਿੰਘ ਰਾਜੂ, ਸਾਬਕਾ ਚੇਅਰਮੈਨ ਸੁਰਜੀਤ ਸਿੰਘ, ਹਰਬੰਸ ਸਿੰਘ ਕਾਉਂਕੇ, ਮਨਜਿੰਦਰ ਸਿੰਘ ਮੋਨੀ ਤੇ ਗੁਰਦੀਪ ਸਿੰਘ ਮਾਣੂੰਕੇ ਨੇ ਕਿਹਾ ਕਿ ਗਰਮੀ ਵਧਣ ਦੇ ਬਾਵਜੂਦ ਧਰਨਾਕਾਰੀਆਂ ਦੇ ਹੌਸਲੇ ਬੁਲੰਦ ਹਨ। ਧਰਨਾ ਫੈਕਟਰੀ ਬੰਦ ਕਰਵਾਉਣ ਤਕ ਜਾਰੀ ਰਹੇਗਾ। ਸਰਕਾਰ ਤੇ ਪ੍ਰਸ਼ਾਸਨ ਭੁਲੇਖੇ ’ਚ ਹਨ ਕਿ ਲੋਕ ਅੱਕ ਥੱਕ ਕੇ ਆਪੇ ਸੰਘਰਸ਼ ਤੋਂ ਪਿੱਛੇ ਹਟ ਜਾਣਗੇ। ਅਗਾਮੀ ਲੋਕ ਸਭਾ ਚੋਣਾਂ ’ਚ ਲੋਕ ਲਾਜ਼ਮੀ ਬਦਲਾ ਲੈਣਗੇ ਅਤੇ ਚੋਣ ਪ੍ਰਚਾਰ ਲਈ ਆਉਣ ਵਾਲੇ ਹਾਕਮ ਧਿਰ ਦੇ ਉਮੀਦਵਾਰਾਂ ਤੇ ਆਗੂਆਂ ਦਾ ਡਟਵਾਂ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਤੇ ਸਰਕਾਰ ਪ੍ਰਦੂਸ਼ਿਤ ਫੈਕਟਰੀ ਲਾਉਣ ਵਾਲੇ ਪੂੰਜੀਪਤੀਆਂ ਦੇ ਹੱਕ ’ਚ ਭੁਗਤ ਰਹੀ ਹੈ। ਅੱਜ ਦੋ ਜਥੇ ਪਿੰਡ ਭੂੰਦੜੀ ਤੋਂ ਰਵਾਨਾ ਹੋਏ। ਇਨ੍ਹਾਂ ’ਚ ਇਕ ਬੀਬੀਆਂ ਦਾ ਜਥਾ ਘੁੰਗਰਾਲੀ ਰਾਜਪੂਤਾਂ ਲਈ ਰਵਾਨਾ ਹੋਇਆ ਜਿਥੇ ਇਲਾਕੇ ਦਾ ਵੱਡਾ ਇਕੱਠ ਹੋ ਰਿਹਾ ਸੀ। ਦੂਜਾ ਜਥਾ ਪਿੰਡ ਆਖਾੜਾ ਵਿਖੇ ਗਿਆ ਜਿਥੇ ਕਿ ਪ੍ਰਦੂਸ਼ਿਤ ਗੈਸ ਫੈਕਟਰ ਮੂਹਰੇ ਪਿੰਡ ਅਖਾੜਾ ਵਿਖੇ ਬੀਬੀਆਂ ਤੇ ਵੀਰਾਂ ਦਾ ਇਕ ਵੱਡਾ ਇਕੱਠ ਹੋਇਆ।