ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 3 ਅਪਰੈਲ
ਰੁਜ਼ਗਾਰ ਲਈ ਪਿੰਡ ਅਖਾੜਾ ਦੇ ਕੁਵੈਤ ਗਏ ਵਿਅਕਤੀ ਦੀ ਕੋਈ ਉੱਘ ਸੁੱਘ ਨਾ ਲੱਗਣ ਤੋਂ ਪਰਿਵਾਰ ਫ਼ਿਕਰਮੰਦ ਹੈ। ਪਰਿਵਾਰ ਅਨੁਸਾਰ 45 ਸਾਲਾ ਪ੍ਰਿਤਪਾਲ ਸਿੰਘ ਪੁੱਤਰ ਭਜਨ ਸਿੰਘ ਨਾਲ ਸਵਾ ਮਹੀਨੇ ਤੋਂ ਕੋਈ ਰਾਬਤਾ ਨਹੀਂ ਹੋ ਸਕਿਆ ਹੈ। ਇਸ ਕਰਕੇ ਪਰਿਵਾਰ ਨੇ ਪ੍ਰਿਤਪਾਲ ਸਿੰਘ ਦੇ ਲਾਪਤਾ ਹੋਣ ਦਾ ਖਦਸ਼ਾ ਪ੍ਰਗਟਾਇਆ ਹੈ। ਲਾਪਤਾ ਵਿਅਕਤੀ ਦੀ ਪਤਨੀ ਬਲਜਿੰਦਰ ਕੌਰ ਨੇ ਦੱਸਿਆ ਕਿ ਆਖਰੀ ਵਾਰ 25 ਫਰਵਰੀ ਨੂੰ ਪ੍ਰਿਤਪਾਲ ਸਿੰਘ ਦਾ ਫੋਨ ਆਇਆ ਸੀ। ਟੈਲੀਫੋਨ ’ਚ ਉਸ ਨੇ ਖ਼ਬਰਸਾਰ ਹੀ ਪੁੱਛੀ ਸੀ ਅਤੇ ਕੋਈ ਫਿਕਰਮੰਦੀ ਵਾਲੀ ਗੱਲ ਨਹੀਂ ਸੀ ਕੀਤੀ। ਉਸ ਵਲੋਂ ਦਿੱਤੇ ਟੈਲੀਫੋਨ ਨੰਬਰ ਬੰਦ ਆਉਣ ਅਤੇ ਉਧਰੋਂ ਕੋਈ ਫੋਨ ਨਾ ਆਉਣ ਕਰਕੇ ਪਰਿਵਾਰ ਫਿਕਰਾਂ ’ਚ ਪੈ ਗਿਆ ਹੈ। ਪ੍ਰਿਤਪਾਲ ਸਿੰਘ ਦੇ 20 ਅਤੇ 18 ਸਾਲ ਦੇ ਦੋ ਲੜਕੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਬਾਪ ਨਾਲ ਉਨ੍ਹਾਂ ਦਾ ਫੋਨ ’ਤੇ ਲਗਾਤਾਰ ਰਾਬਤਾ ਬਣਿਆ ਹੋਇਆ ਸੀ ਅਤੇ ਰੋਜ਼ਾਨਾ ਵਾਂਗ ਹੀ ਫੋਨ ’ਤੇ ਗੱਲਬਾਤ ਹੁੰਦੀ ਰਹਿੰਦੀ ਸੀ। ਪ੍ਰਿਤਪਾਲ ਦੇ ਭਰਾ ਜਗਦੀਸ਼ ਸਿੰਘ ਅਤੇ ਸਮੁੱਚੇ ਪਰਿਵਾਰ ਨੇ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਕੁਵੈਤ ਸਰਕਾਰ ਅਤੇ ਅੰਬੈਸੀ ਨਾਲ ਸੰਪਰਕ ਕਰਕੇ ਲਾਪਤਾ ਹੋਏ ਪ੍ਰਿਤਪਾਲ ਸਿੰਘ ਦਾ ਪਤਾ ਲਾਇਆ ਜਾਵੇ।