ਪੱਤਰ ਪ੍ਰੇਰਕ
ਜਗਰਾਉਂ, 18 ਮਾਰਚ
ਜਨਵਰੀ ’ਚ ਜਗਰਾਉਂ ਤੋਂ ਦਿੱਲੀ ਮੋਰਚੇ ’ਚ ਗਏ ਨੌਜਵਾਨ ਦੀ ਸੜਕ ਹਾਦਸੇ ’ਚ ਹੋਈ ਮੌਤ ਉਪਰੰਤ ਪ੍ਰਸ਼ਾਸਨ, ਸਰਕਾਰ ਅਤੇ ਕਿਸੇ ਵੀ ਸੰਸਥਾ ਨੇ ਪੀੜਤ ਪਰਿਵਾਰ ਦੀ ਸਾਰ ਨਹੀਂ ਲਈ। ਮ੍ਰਿਤਕ ਦੀ ਪਤਨੀ ਨਵਨੀਤ ਕੌਰ (35) ਨੇ ਭਰੇ ਮਨ ਨਾਲ ਦੱਸਿਆ ਕਿ ਉਸਦਾ ਪਤੀ ਗੁਰਪ੍ਰੀਤ ਸਿੰਘ (40) 10 ਜਨਵਰੀ ਨੂੰ ਆਪਣੇ ਇੱਕ ਸਾਥੀ ਅਤੇ ਪਰਿਵਾਰਕ ਮੈਂਬਰਾਂ ਨਾਲ ਦਿੱਲੀ ਮੋਰਚੇ ’ਚ ਹਿੱਸਾ ਲੈਣ ਲਈ ਬੱਸ ’ਤੇ ਰਵਾਨਾ ਹੋਇਆ। ਰਸਤੇ ’ਚ ਇੱਕ ਢਾਬੇ ’ਤੇ ਰੁੱਕੇ, ਜਦੋਂ ਖਾਣਾ ਖਾ ਕੇ ਵਾਪਸ ਬੱਸ ਚੜ੍ਹਨ ਲਈ ਸੜਕ ’ਤੇ ਆਏ ਤਾਂ ਇੱਕ ਤੇਜ਼ ਰਫ਼ਤਾਰ ਕਾਰ ਨੇ ਫੇਟ ਮਾਰ ਦਿੱਤੀ। ਨਵਨੀਤ ਕੌਰ ਨੇ ਦੱਸਿਆ ਕਿ ਉਸਦੇ ਦੋ ਬੱਚੇ ਲੜਕੀ 11 ਸਾਲ ਅਤੇ ਲੜਕਾ 5 ਸਾਲ ਦਾ ਹੈ। ਉਸਦੇ ਪਤੀ ਦੇ ਵਿਛੋੜੇ ਮਗਰੋਂ ਕੰਮ ਬੰਦ ਹੋਣ ਨਾਲ ਘਰ ਦਾ ਗੁਜ਼ਾਰਾ ਕਰਨ ਮੁਸ਼ਕਲ ਹੋ ਗਿਆ ਹੈ। ਨਵਨੀਤ ਕੌਰ ਖੁਦ ਬੀਐੱਡ ਹੈ। ਸੇਵਾਮੁਕਤ ਅਧਿਆਪਕ ਹਰਬੰਸ ਸਿੰਘ ਅਖਾੜਾ, ਰਮਿੰਦਰਜੀਤ ਸਿੰਘ ਆਦਿ ਨੇ ਸੂਬਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਮ੍ਰਿਤਕ ਦੀ ਪਤਨੀ ਨੂੰ ਸਰਕਾਰੀ ਨੌਕਰੀ ਅਤੇ ਆਰਥਿਕ ਸਹਾਇਤਾ ਦਿੱਤੀ ਜਾਵੇ।