ਮੋਦੀ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਧਰਨੇ ਜਾਰੀ
ਪੱਤਰ ਪ੍ਰੇਰਕ
ਗੁਰੂਸਰ ਸੁਧਾਰ, 7 ਸਤੰਬਰ
ਪਿੰਡ ਭੱਠਾ ਧੂਹਾ ਵਿਚ ਭਾਰਤੀ ਕਿਸਾਨ ਯੂਨੀਅਨ (ਏਕਤਾ ਡਕੌਂਦਾ) ਦੀ ਮੀਟਿੰਗ ਦੌਰਾਨ ਇਨਕਲਾਬੀ ਕੇਂਦਰ ਦੇ ਆਗੂ ਕੰਵਲਜੀਤ ਖੰਨਾ ਨੇ ਕਿਸਾਨ ਅੰਦੋਲਨ ਦੀ ਮੌਜੂਦਾ ਹਾਲਤ ਬਾਰੇ ਕਿਸਾਨ ਨੁਮਾਇੰਦਿਆਂ ਨਾਲ ਖੁੱਲ੍ਹਾ ਸੰਵਾਦ ਰਚਾਇਆ। ਉਨ੍ਹਾਂ ਮੋਦੀ ਹਕੂਮਤ ਦੇ ਰਾਜ-ਹਠ ਪਿੱਛੇ ਕੰਮ ਕਰਦੇ ਕਾਰਨਾਂ ਦੀ ਨਿਸ਼ਾਨਦੇਹੀ ਕਰਦਿਆਂ ਕਿਹਾ ਕਿ ਹੁਣ ਤਾਂ ਆਰ.ਐੱਸ.ਐੱਸ ਦਾ ਭਾਰਤੀ ਕਿਸਾਨ ਸੰਘ ਵੀ ਵਿਵਾਦਿਤ ਖੇਤੀ ਕਾਨੂੰਨਾਂ ਖ਼ਿਲਾਫ਼ ਭਲ਼ਕੇ ਦੇਸ਼ ਭਰ ਵਿਚ ਧਰਨੇ ਦੇਣ ਜਾ ਰਿਹਾ ਹੈ। ਇਸ ਤੋਂ ਸਾਫ਼ ਜ਼ਾਹਿਰ ਹੈ ਕਿ ਇਕ ਪਾਸੇ ਮੋਦੀ ਖੜ੍ਹਾ ਹੈ ਅਤੇ ਦੂਜੇ ਪਾਸੇ ਸਾਰਾ ਦੇਸ਼। ਮੀਟਿੰਗ ਦੀ ਪ੍ਰਧਾਨਗੀ ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਹੰਬੜਾਂ ਨੇ ਕੀਤੀ।
ਕੰਵਲਜੀਤ ਖੰਨਾ ਨੇ ਕਿਹਾ ਕਿ ਮੁਜ਼ੱਫ਼ਰਨਗਰ ਦੀ ਇਤਿਹਾਸਕ ਕਿਸਾਨ ਮਹਾ-ਪੰਚਾਇਤ ਨੇ ਮੋਦੀ ਹਕੂਮਤ ਦੀਆਂ ਸਾਰੀਆਂ ਗਿਣਤੀਆਂ-ਮਿਣਤੀਆਂ ਪੁੱਠੀਆਂ ਕਰ ਦਿੱਤੀਆਂ ਹਨ। ਕਿਸਾਨ ਆਗੂ ਗੁਰਮੇਲ ਸਿੰਘ ਭਰੋਵਾਲ, ਬੇਅੰਤ ਸਿੰਘ ਬਾਣੀਏਵਾਲ, ਹਾਕਮ ਸਿੰਘ ਭੱਟੀਆਂ, ਪਰਮਜੀਤ ਸਿੰਘ ਹੰਬੜਾਂ, ਗੁਰਪਾਲ ਸਿੰਘ ਰਾਣਕੇ, ਪਰਮਿੰਦਰ ਸਿੰਘ ਮਲਕਪੁਰ ਨੇ ਵੀ ਸੰਬੋਧਨ ਕੀਤਾ। ਇਸ ਤੋਂ ਇਲਾਵਾ ਕਿਲ੍ਹਾ ਰਾਏਪੁਰ ਵਿਚ ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ ਸਾਹਮਣੇ ਸੰਯੁਕਤ ਕਿਸਾਨ ਮੋਰਚੇ ਅਤੇ ਜਮਹੂਰੀ ਕਿਸਾਨ ਸਭਾ ਦੇ ਆਗੂਆਂ ਨੇ ਧਰਨਾਕਾਰੀਆਂ ਨੂੰ ਸੰਬੋਧਨ ਕੀਤਾ।
ਬਾਕਸ
ਕਿਸਾਨਾਂ ਵੱਲੋਂ ਪਿੰਡਾਂ ਵਿੱਚ ਲਾਮਬੰਦੀ ’ਤੇ ਜ਼ੋਰ
ਦੋਰਾਹਾ (ਪੱਤਰ ਪ੍ਰੇਰਕ): ਇਥੇ ਭਾਰਤੀ ਕਿਸਾਨ ਯੂਨੀਅਨ (ਏਕਤਾਂ-ਉਗਰਾਹਾਂ) ਦੇ ਸੀਨੀਅਰ ਆਗੂ ਸੁਦਾਗਰ ਸਿੰਘ ਘੁਡਾਣੀ ਨੇ ਕਿਹਾ ਕਿ ਮੁਜ਼ੱਫਰਨਗਰ ਦੀ ਮਹਾ ਪੰਚਾਇਤ ਨੇ ਕਿਸਾਨਾਂ ਵਿਚ ਉਤਸ਼ਾਹ ਭਰਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਜ਼ਿਲ੍ਹਾ ਬਲਾਕਾਂ ਤੇ ਪਿੰਡਾਂ ਵਿਚ ਘਰ ਘਰ ਜਾ ਕੇ ਲਾਮਬੰਦੀ ’ਤੇ ਜ਼ੋਰ ਦੇਣ ਦੀ ਲੋੜ ਹੈ ਤਾਂ ਜੋ ਦੇਸ਼ ਵਿਆਪੀ ਜਨਤਕ ਸੰਘਰਸ਼ ਪੂਰੇ ਜ਼ੋਰਾਂ ਨਾਲ ਚੱਲ ਸਕੇ। ਉਨ੍ਹਾਂ ਕਿਹਾ ਕਿ ਕਿਸਾਨ ਸਰਕਾਰ ਦੀਆਂ ਜ਼ਾਲਮ ਨੀਤੀਆਂ ਤੋਂ ਡਰਨ ਵਾਲੇ ਨਹੀਂ ਅਤੇ ਆਪਣੇ ਹੱਕ ਲੈ ਕੇ ਹੀ ਘਰ ਮੁੜਨਗੇ।
ਕੈਪਸ਼ਨ: ਪਿੰਡ ਭੱਠਾ ਧੂਹਾ ’ਚ ਕਿਸਾਨੀ ਘੋਲ ਬਾਰੇ ਚਰਚਾ ਕਰਦ ਹੋਏ ਕਿਸਾਨ।-ਫੋਟੋ: ਗਿੱਲ