ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 2 ਨਵੰਬਰ
ਮੁੱਖ ਮੰਤਰੀ ਭਗਵੰਤ ਮਾਨ ਦੇ ਕੱਲ੍ਹ ਦੇ ਦੌਰੇ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂਆਂ ਨੂੰ ਦੋ ਘੰਟੇ ਉਡੀਕ ਕਰਵਾਉਣ ਤੋਂ ਬਾਅਦ ਵੀ ਨਾ ਮਿਲਣ ਅਤੇ ਨਾ ਹੀ ਮੰਗ-ਪੱਤਰ ਲੈਣ ਤੋਂ ਨਾਰਾਜ਼ ਕਿਸਾਨ ਆਗੂਆਂ ਨੇ ਮੁੱਖ ਮੰਤਰੀ ਦੇ ਮੁੜ ਜ਼ਿਲ੍ਹੇ ’ਚ ਕਿੱਧਰੇ ਵੀ ਆਉਣ ’ਤੇ ਵਿਰੋਧ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਝੋਨੇ ਦਾ ਸੀਜ਼ਨ ਖ਼ਤਮ ਹੋਣ ਮਗਰੋਂ ਹਲਕਾ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਸਣੇ ਜ਼ਿਲ੍ਹੇ ਦੇ ਹੋਰ ‘ਆਪ’ ਵਿਧਾਇਕਾਂ ਦਾ ਵੀ ਵਿਰੋਧ ਕਰਨ ਅਤੇ ਮੀਟਿੰਗ ਕਰ ਕੇ ਵੱਡਾ ਪ੍ਰੋਗਰਾਮ ਉਲੀਕਣ ਦੀ ਗੱਲ ਆਖੀ ਹੈ। ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਅਤੇ ਕੰਵਲਜੀਤ ਖੰਨਾ ਨੇ ਅੱਜ ਇੱਥੇ ਕਿਹਾ ਕਿ ਪੁਲੀਸ ਅਧਿਕਾਰੀ ਕਿਸਾਨ ਆਗੂਆਂ ਨੂੰ ਮੁੱਖ ਮੰਤਰੀ ਨਾਲ ਮਿਲਾਉਣ ਲਈ ਜੀਐੱਚਜੀ ਅਕੈਡਮੀ ’ਚ ਬਣੇ ਹੈਲੀਪੈਡ ਕੋਲ ਲੈ ਕੇ ਗਏ ਪਰ ਦੋ ਘੰਟੇ ਇਕ ਕਮਰੇ ’ਚ ਬਿਠਾਈ ਰੱਖਣ ਤੋਂ ਬਾਅਦ ਮੁਲਾਕਾਤ ਨਹੀਂ ਕਰਵਾਈ ਗਈ। ਜਦੋਂ ਮੁੱਖ ਮੰਤਰੀ ਹੈਲੀਕਾਪਟਰ ‘ਚ ਸਵਾਰ ਹੋ ਕੇ ਜਾਣ ਲੱਗੇ ਤਾਂ ਉਨ੍ਹਾਂ ਨੂੰ ਨਾਅਰੇਬਾਜ਼ੀ ਕਰੇ ਰੋਸ ਪ੍ਰਗਟ ਕਰਨਾ ਪਿਆ। ਉਨ੍ਹਾਂ ਦੱਸਿਆ ਕਿ ਉਹ ਮੁੱਖ ਮੰਤਰੀ ਕੁਝ ਕਿਸਾਨ ਮੰਗਾਂ ਵਾਲਾ ਯਾਦ-ਪੱਤਰ ਸੌਂਪਣਾ ਚਾਹੁੰਦੇ ਸਨ। ਉਨ੍ਹਾਂ ਕਿਹਾ ਕਿ ਦੋ ਘੰਟੇ ਉਡੀਕਣ ਤੋਂ ਬਾਅਦ ਉਨ੍ਹਾਂ ਨਾਲ ਜੋ ਹੋਇਆ, ਉਹ ਜ਼ਲੀਲ ਕਰਨ ਵਾਲਾ ਸੀ। ਇਸ ਲਈ ਸਰਕਾਰ, ਅਧਿਕਾਰੀ ਅਤੇ ਹਲਕਾ ਵਿਧਾਇਕ ਵੀ ਜ਼ਿੰਮੇਵਾਰ ਹਨ।
ਇਸ ਸਮੇਂ ਤਾਰਾ ਸਿੰਘ ਅੱਚਰਵਾਲ, ਇੰਦਰਜੀਤ ਧਾਲੀਵਾਲ, ਜਗਰੂਪ ਸਿੰਘ ਹਸਨਪੁਰ, ਬਚਿੱਤਰ ਸਿੰਘ ਜਨੇਤਪੁਰਾ ਨੇ ਮੁੱਖ ਮੰਤਰੀ ਦੇ ਇਸ ਰਵੱਈਏ ਦੀ ਨਿਖੇਧੀ ਕਰਦਿਆਂ ਚਿਤਾਵਨੀ ਦਿੱਤੀ ਕਿ ਜਥੇਬੰਦੀਆਂ ਮੁੱਖ ਮੰਤਰੀ ਦੀ ਭਵਿੱਖ ਵਿੱਚ ਇਲਾਕੇ ਦੀ ਫੇਰੀ ਦਾ ਹਜ਼ਾਰਾਂ ਦੀ ਗਿਣਤੀ ’ਚ ਇਕੱਠੇ ਹੋ ਕੇ ਵਿਰੋਧ ਕਰਨਗੀਆਂ। ਉਨਾਂ ਦੱਸਿਆ ਕਿ ਕਿ ਤਹਿਸੀਲ ਦੇ ਚਾਰ ਸ਼ਹੀਦ ਕਿਸਾਨ ਪਰਿਵਾਰਾਂ ਜਿਨ੍ਹਾਂ ‘ਚ ਬਲਕਰਨ ਲੋਧੀਵਾਲ, ਸੁਖਵਿੰਦਰ ਸਿੰਘ ਕਾਉਂਕੇ, ਗੁਰਪ੍ਰੀਤ ਸਿੰਘ ਜਗਰਾਉਂ ਅਤੇ ਹਰਦੀਪ ਸਿੰਘ ਗਾਲਬਿ ਕਲਾਂ ਦੇ ਪੀੜਤ ਵਾਰਸਾਂ ਨੂੰ ਸਰਕਾਰੀ ਨੌਕਰੀ ਦੇਣ ਦਾ ਅਮਲ ਡੇਢ ਸਾਲ ਤੋਂ ਲਟਕ ਰਿਹਾ ਹੈ। ਇਸ ਤਰ੍ਹਾਂ ਕਈ ਹੋਰ ਮਸਲੇ ਵੀ ਅਧੂਰੇ ਹਨ।