ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 14 ਅਪਰੈਲ
ਇਥੇ ਵੱਖ-ਵੱਖ ਗੁਰੂਘਰਾਂ ਵਿੱਚ ਖਾਲਸਾ ਪੰਥ ਦੇ ਸਾਜਨਾ ਦਿਵਸ ਵਿਸਾਖੀ ਨੂੰ ਸਮਰਪਿਤ ਗੁਰਮਤਿ ਸਮਾਗਮ ਹੋਏ ਜਿਨ੍ਹਾਂ ਵਿੱਚ ਰਾਗੀ ਜੱਥਿਆਂ ਨੇ ਗੁਰੂ ਜੱਸ ਸੁਣਾਕੇ ਸੰਗਤ ਨੂੰ ਨਿਹਾਲ ਕੀਤਾ। ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿੱਚ ਸ਼੍ਰੋਮਣੀ ਸਿੱਖ ਪ੍ਰਚਾਰਕ ਸੰਤ ਬਾਬਾ ਅਮੀਰ ਸਿੰਘ ਮੁੱਖੀ ਜਵੱਦੀ ਟਕਸਾਲ ਦੀ ਦੇਖ ਰੇਖ ਹੇਠ ਵਿਸਾਖੀ ਦਾ ਦਿਹਾੜਾ ਮਨਾਇਆ ਗਿਆ। ਇਸ ਮੌਕੇ ਗੁਰਸ਼ਬਦ ਸੰਗੀਤ ਅਕੈਡਮੀ ਜਵੱਦੀ ਟਕਸਾਲ ਦੇ ਵਿਦਿਆਰਥੀਆਂ ਨੇ ਗੁਰਬਾਣੀ ਦਾ ਰਾਗਾਂ ਵਿੱਚ ਕੀਰਤਨ ਕੀਤਾ। ਉਪਰੰਤ ਸੰਤ ਬਾਬਾ ਅਮੀਰ ਸਿੰਘ ਨੇ ਵਿਸਾਖ ਮਹੀਨੇ ਦੀ ਕਥਾ ਕੀਤੀ ਅਤੇ ਖਾਲਸਾ ਸਾਜਨਾ ਦਿਵਸ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ। ਸੰਤ ਬਾਬਾ ਅਮੀਰ ਸਿੰਘ ਮੁੱਖੀ ਜਵੱਦੀ ਟਕਸਾਲ ਨੇ ਖਾਲਸਾ ਪੰਥ ਦੀ ਚੜਦੀਕਲਾ ਦੀ ਅਰਦਾਸ ਕੀਤੀ।ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰਾਭਾ ਨਗਰ ਵੱਲੋਂ ਗੁਰਮਤਿ ਸਮਾਗਮ ਮੌਕੇ ਦਸਤਾਰ ਮੁਕਾਬਲੇ ਕਰਵਾਏ ਗਏ।
ਦੋਰਾਹਾ(ਪੱਤਰ ਪ੍ਰੇਰਕ): ਅੱਜ ਇਥੋਂ ਦੇ ਗੁਰੂ ਹਰਿਕ੍ਰਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿੱਚ ਵਿਸਾਖੀ ਦਾ ਤਿਉਹਾਰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਵੱਖ-ਵੱਖ ਕਲਾਸਾਂ ਦੇ ਵਿਦਿਆਰਥੀਆਂ ਨੇ ਸ਼ਬਦ, ਕਵੀਸ਼ਰੀਆਂ, ਕਵਿਤਾਵਾਂ, ਆਰਟੀਕਲ, ਭੰਗੜਾ ਤੇ ਗਿੱਧਾ ਪੇਸ਼ ਕੀਤਾ। ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਪੁੱਜੇ ਜਸਪ੍ਰੀਤ ਕੌਰ ਨੇ ਵਿਦਿਆਰਥੀਆਂ ਨੂੰ ਵਿਸਾਖੀ ਦੇ ਤਿਉਹਾਰ ਨਾਲ ਸਬੰਧਤ ਧਾਰਮਿਕ, ਇਤਿਹਾਸਕ ਪਿਛੋਕੜ ਤੇ ਪੰਜਾਬੀ ਸੱਭਿਆਚਾਰ ਨਾਲ ਜਾਣੂੰ ਕਰਵਾਇਆ।
ਖੰਨਾ (ਨਿੱਜੀ ਪੱਤਰ ਪ੍ਰੇਰਕ): ਖਾਲਸਾ ਪੰਥ ਦੇ 323ਵੇਂ ਜਨਮ ਦਿਹਾੜੇ ਅਤੇ ਵਿਸਾਖੀ ਦੇ ਤਿਉਹਾਰ ਸਬੰਧੀ ਅੱਜ ਇਸ ਇਲਾਕੇ ਦੇ ਅਨੇਕਾਂ ਧਾਰਮਿਕ ਅਸਥਾਨਾਂ ’ਚ ਸੰਗਤਾਂ ਹੁੰਮਹੁਮਾ ਕੇ ਪੁੱਜੀਆਂ। ਇਤਿਹਾਸਕ ਅਸਥਾਨ ਗੁਰਦੁਆਰਾ ਦੇਗਸਰ ਸਾਹਿਬ (ਕਟਾਣਾ ਸਾਹਿਬ) ਅਤੇ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਵਿੱਚ ਲੱਖਾਂ ਸੰਗਤਾਂ ਨੇ ਮੱਥਾ ਟੇਕਿਆ, ਕੀਰਤਨ ਸੁਣਿਆ ਅਤੇ ਸਰੋਵਰਾਂ ਵਿੱਚ ਇਸ਼ਨਾਨ ਕੀਤੇ। ਇਸੇ ਤਰ੍ਹਾਂ ਗੁਰਦੁਆਰਾ ਕਲਗੀਧਰ ਸਾਹਿਬ ਖੰਨਾ, ਗੁਰਦੁਆਰਾ ਸਿੰਘ ਸਭਾ, ਗੁਰਦੁਆਰਾ ਨਾਮਦੇਵ, ਗੁਰਦੁਆਰਾ ਰਾਮਗੜ੍ਹੀਆ, ਗੁਰਦੁਆਰਾ ਬਾਬਾ ਬਚਿੱਤਰ ਸਿੰਘ, ਗੁਰਦੁਆਰਾ ਸੁੱਖ ਸਾਗਰ ਸਾਹਿਬ ਆਦਿ ਵਿਖੇ ਸੰਗਤਾਂ ਵੱਡੀ ਗਿਣਤੀ ਵਿਚ ਨਤਮਸਤਕ ਹੋਈਆਂ।
ਮਾਛੀਵਾੜਾ(ਪੱਤਰ ਪ੍ਰੇਰਕ): ਖਾਲਸਾ ਪੰਥ ਦੇ ਸਾਜਨਾ ਦਿਵਸ ਵਿਸਾਖੀ ਦਾ ਪਵਿੱਤਰ ਦਿਹਾੜਾ ਅੱਜ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਚਰਨ ਛੋਹ ਪ੍ਰਾਪਤ ਧਰਤੀ ਮਾਛੀਵਾੜਾ ਦੇ ਇਤਿਹਾਸਕ ਗੁਰਦੁਆਰਾ ਚਰਨ ਕੰਵਲ ਸਾਹਿਬ ਵਿਖੇ ਅਤੇ ਸਥਾਨਕ ਹੋਰਨਾਂ ਗੁਰਦੁਆਰਿਆਂ ਵਿਚ ਸੰਗਤਾਂ ਵੱਲੋਂ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਗੁਰਦੁਆਰਾ ਸਾਹਿਬ ਦੇ ਮੈਨੇਜਰ ਮਲਕੀਤ ਸਿੰਘ ਅਨੁਸਾਰ ਸਵੇਰੇ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਅਰਦਾਸ ਉਪਰੰਤ ਦੀਵਾਨ ਹਾਲ ਵਿਚ ਦੀਵਾਨ ਸਜਾਏ ਗਏ। ਇਸ ਮੌਕੇ ਪ੍ਰਸਿੱਧ ਰਾਗੀ, ਢਾਡੀ ਅਤੇ ਕਵੀਸ਼ਰੀ ਜੱਥਿਆਂ ਨੇ ਗੁਰੂ ਸਾਹਿਬਾਨਾਂ ਦੇ ਪ੍ਰਸੰਗ ਸੁਣਾ ਸੰਗਤਾਂ ਨੂੰ ਨਿਹਾਲ ਕੀਤਾ। ਇਸ ਸਮਾਰੋਹ ’ਚ ਵਿਸ਼ੇਸ਼ ਤੌਰ ’ਤੇ ਹਲਕਾ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਵੀ ਸ਼ਮੂਲੀਅਤ ਕੀਤੀ।
ਕਵੀਸ਼ਰੀ ਮੁਕਾਬਲੇ ’ਚ ਜੁਝਾਰ ਹਾਊਸ ਦੀਆਂ ਵਿਦਿਆਰਥਣਾਂ ਅੱਵਲ
ਜਗਰਾਉਂ (ਨਿੱਜੀ ਪੱਤਰ ਪ੍ਰੇਰਕ): ਸਥਾਨਕ ਜੀਐੱਚਜੀ ਅਕੈਡਮੀ ਵਿੱਚ ਵਿਸਾਖੀ ਦਾ ਤਿਉਹਾਰ ਮਨਾਇਆ ਗਿਆ। ਸਮਾਗਮ ਦੀ ਆਰੰਭਤਾ ਗੁਰਮਤਿ ਅਧਿਆਪਕ ਹਰਵਿੰਦਰ ਸਿੰਘ ਵੱਲੋਂ ਵਿਸਾਖੀ ਦੇ ਇਤਿਹਾਸਕ ਮਹੱਤਵ ’ਤੇ ਚਾਨਣਾ ਪਾ ਕੇ ਕੀਤੀ ਗਈ। ਸਭ ਤੋਂ ਪਹਿਲਾਂ ਕਵੀਸ਼ਰੀ ਗਾਇਨ ਮੁਕਾਬਲੇ ਕਰਵਾਏ ਗਏ। ਇਸ ’ਚ ਜੁਝਾਰ ਹਾਊਸ ਦੀਆਂ ਵਿਦਿਆਰਥਣਾਂ ਨੇ ਪਹਿਲਾ, ਜ਼ੋਰਾਵਰ ਹਾਊਸ ਦੀਆਂ ਵਿਦਿਆਰਥਣਾਂ ਨੇ ਦੂਸਰਾ ਅਤੇ ਫਤਹਿ ਹਾਊਸ ਦੀਆਂ ਵਿਦਿਆਰਥਣਾਂ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਪੂਰਨ ਸਿੱਖੀ ਪਹਿਰਾਵੇ ’ਚ ਸਜੇ ਪਹਿਲੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੇ ਮੂਲ ਮੰਤਰ ਦਾ ਜਾਪ ਕੀਤਾ। ਇਸ ’ਚ ਜਾਪ ਕੌਰ ਅਤੇ ਮੰਗਲਦੀਪ ਕੌਰ ਨੇ ਪਹਿਲਾ, ਪ੍ਰਭਨੂਰ ਕੌਰ ਅਤੇ ਗੁਰਬਾਜ਼ ਕੌਰ ਨੇ ਦੂਸਰਾ, ਕਸ਼ਿਸ਼ਪ੍ਰੀਤ ਕੌਰ ਅਤੇ ਪ੍ਰਭਜੋਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਛੇਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ’ਚ ਦਸਤਾਰਬੰਦੀ ਮੁਕਾਬਲੇ ਕਰਵਾਏ ਗਏ। ਵਿਦਿਆਰਥੀਆਂ ਨੇ ਬੜੇ ਹੀ ਸੋਹਣੇ ਰੂਪ ’ਚ ਰੰਗ ਬਿਰੰਗੀਆਂ ਦਸਤਾਰਾਂ ਸਜਾ ਕੇ ਸਮਾਗਮ ਨੂੰ ਲੁਭਾਵਣਾ ਬਣਾਇਆ। ਛੇਵੀਂ ਤੋਂ ਅੱਠਵੀਂ ਜਮਾਤ ਦੇ ਦਸਤਾਰਬੰਦੀ ਮੁਕਾਬਲਿਆਂ ’ਚ ਸੁਖਵੀਰ ਸਿੰਘ, ਉਂਕਾਰ ਸਿੰਘ ਅਤੇ ਕੀਰਤ ਸਿੰਘ ਨੇ ਪਹਿਲਾ, ਕਿਰਤਜੋਤ ਕੌਰ, ਗੁਰਸੇਵਕ ਸਿੰਘ ਅਤੇ ਤਰਨਵੀਰ ਸਿੰਘ ਨੇ ਦੂਸਰਾ ਅਤੇ ਕਰਨ ਸਿੰਘ ਨਵਜੋਤ ਸਿੰਘ ਅਤੇ ਸੁਖਮਨਦੀਪ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਦਸਤਾਰਬੰਦੀ ਮੁਕਾਬਲਿਆਂ ’ਚ ਕਮਨਪ੍ਰੀਤ ਸਿੰਘ ਨੇ ਪਹਿਲਾ, ਅਮਨਪ੍ਰੀਤ ਕੌਰ ਨੇ ਦੂਸਰਾ ਅਤੇ ਗੁਰਵਿੰਦਰ ਸਿੰਘ, ਅਰਸ਼ਵੀਰ ਸਿੰਘ ਅਤੇ ਸੁਖਮਨਦੀਪ ਸਿੰਘ ਨੇ ਤੀਸਰਾ ਇਨਾਮ ਪ੍ਰਾਪਤ ਕੀਤਾ।