ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 25 ਅਕਤੂਬਰ
ਸਥਾਨਕ ਰੈਡ ਕਰਾਸ ਬਾਲ ਘਰ, ਸਰਾਭਾ ਨਗਰ ਵਿੱਚ ਰਹਿ ਰਹੇ ਬੱਚਿਆਂ ਨਾਲ ਡਿਪਟੀ ਕਮਿਸ਼ਨਰ ਅਤੇ ਆਪ ਵਿਧਾਇਕਾਂ ਨੇ ਦੀਵਾਲੀ ਦਾ ਤਿਉਹਾਰ ਮਨਾਇਆ। ਡਿਪਟੀ ਕਮਿਸ਼ਨਰ ਸੁਰਭੀ ਮਲਿਕ ਅਤੇ ਵਿਧਾਇਕਾਂ ਮਦਨ ਲਾਲ ਬੱਗਾ, ਗੁਰਪ੍ਰੀਤ ਬੱਸੀ ਗੋਗੀ, ਕੁਲਵੰਤ ਸਿੰਘ ਸਿੱਧੂ, ਅਸ਼ੋਕ ਪਰਾਸ਼ਰ ਪੱਪੀ ਅਤੇ ਵਿਧਾਇਕਾ ਰਾਜਿੰਦਰ ਪਾਲ ਕੌਰ ਛੀਨਾ ਵੱਲੋਂ ਬਾਲ ਘਰ ਵਿੱਚ ਰਹਿ ਰਹੇ ਬੱਚਿਆਂ ਨੂੰ ਫਲ, ਮਠਿਆਈਆਂ ਅਤੇ ਤੋਹਫ਼ੇ ਦਿੱਤੇ ਗਏ। ਇਸ ਮੌਕੇ ਵਿਧਾਇਕਾਂ ਤੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਲੋਕਾਂ ਨੂੰ ਆਪਣੇ ਪਰਿਵਾਰਾਂ ਦੇ ਨਾਲ ਨਾਲ ਗਰੀਬਾਂ, ਲੋੜਵੰਦਾਂ, ਗਊਆਂ ਅਤੇ ਬੇਸਹਾਰਾ ਵਿਅਕਤੀਆਂ ਦਾ ਸਹਾਰਾ ਬਣ ਕੇ ਹੀ ਦੀਵਾਲੀ ਦਾ ਤਿਉਹਾਰ ਮਨਾਉਣਾ ਚਾਹੀਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵਾਤਾਵਰਨ ਪੱਖੀ ਦੀਵਾਲੀ ਮਨਾਉਣ ਦਾ ਦ੍ਰਿੜ ਸੰਕਲਪ ਲੈਣ ਤਾਂ ਕਿ ਵਾਤਾਵਰਣ ਦੀ ਸੰਭਾਲ ਕੀਤੀ ਜਾ ਸਕੇ।
ਖੰਨਾ (ਨਿੱਜੀ ਪੱਤਰ ਪ੍ਰੇਰਕ): ਸਬ ਡਵੀਜ਼ਨ ਖੰਨਾ ਦੇ ਐਸ.ਡੀ.ਐਮ ਮਨਜੀਤ ਕੌਰ ਨੇ ਪਿੰਡ ਬੁੱਲ੍ਹੇਪੁਰ ਸਥਿਤ ਬਿਰਧ ਆਸ਼ਰਮ ਪੁੱਜ ਕੇ ਬਜ਼ੁਰਗਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਦਾ ਭਰੋਸਾ ਦਿਵਾ ਕੇ ਦੀਵਾਲੀ ਦਾ ਤਿਉਹਾਰ ਮਨਾਇਆ। ਉਨ੍ਹਾਂ ਬਜ਼ੁਰਗਾਂ ਨਾਲ ਖੁਸ਼ੀ ਦੇ ਪਲ ਸਾਂਝੇ ਕਰਦਿਆਂ ਤੋਹਫੇ ਭੇਟ ਕੀਤੇ ਅਤੇ ਸ਼ੁੱਭ ਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਬਜ਼ੁਰਗ ਸਾਡੇ ਸਮਾਜ ਦਾ ਮਾਰਗ ਦਰਸ਼ਨ ਹੁੰਦੇ ਹਨ, ਸਾਨੂੰ ਸਾਰਿਆਂ ਨੂੰ ਆਪਣੇ ਬਜ਼ੁਰਗਾਂ ਦਾ ਸਨਮਾਨ ਕਰਦੇ ਹੋਏ ਉਨ੍ਹਾਂ ਵੱਲੋਂ ਦਿਖਾਏ ਮਾਰਗ ’ਤੇ ਚੱਲਣਾ ਚਾਹੀਦਾ ਹੈ। ਇਸ ਦੌਰਾਨ ਇੰਡੀਅਨ ਰੈਡ ਕਰਾਸ ਸੁਸਾਇਟੀ ਦੇ ਸਕੱਤਰ ਖੁਸ਼ਪਾਲ ਚੰਦ ਭਾਰਦਵਾਜ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਇਸੇ ਤਰ੍ਹਾਂ ਇਥੋਂ ਦੇ ਡੀ.ਏ.ਵੀ ਸਕੂਲ ਵਿਖੇ ਆਰੀਆ ਸਮਾਜ ਦੇ ਸੰਸਥਾਪਕ ਮਹਾਂਰਿਸ਼ੀ ਦਯਾਨੰਦ ਸਰਸਵਤੀ ਦਾ ਨਿਰਵਾਣ ਦਿਵਸ ਤੇ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ। ਪ੍ਰਿੰਸੀਪਲ ਅਨੂਜਾ ਭਾਰਦਵਾਜ ਤੇ ਸਟਾਫ ਨੇ ਸਵਾਮੀ ਦਯਾਨੰਦ ਸਰਸਵਤੀ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ। ਰੰਗੋਲੀ ਮੁਕਾਬਲੇ ਦੌਰਾਨ ਵਿਦਿਆਰਥਣ ਲਵਪ੍ਰੀਤ ਕੌਰ ਤੇ ਆਰਤੀ ਨੇ ਪਹਿਲਾ, ਕ੍ਰਿਤਿਕਾ, ਨਵਦੀਪ ਕੌਰ ਤੇ ਅਵਰੀਤ ਕੌਰ ਨੇ ਦੂਜਾ, ਤ੍ਰਿਸ਼ਾ, ਮਹਿਕਪ੍ਰੀਤ ਕੌਰ ਤੇ ਜਾਗ੍ਰਿਤੀ ਨੇ ਤੀਜਾ ਸਥਾਨ ਹਾਸਲ ਕੀਤਾ।
ਮਾਛੀਵਾੜਾ (ਪੱਤਰ ਪ੍ਰੇਰਕ): ਇਲਾਕਾ ਵਾਸੀਆਂ ਵੱਲੋਂ ਦੀਵਾਲੀ ਤੇ ਬੰਦੀਛੋੜ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ ਅਤੇ ਬਜ਼ਾਰਾਂ ਵਿਚ ਵੀ ਭਾਰੀ ਰੌਣਕ ਦੇਖਣ ਨੂੰ ਮਿਲੀ। ਸਵੇਰ ਤੋਂ ਹੀ ਬਾਜ਼ਾਰਾਂ ਵਿਚ ਲੋਕਾਂ ਨੇ ਮਠਿਆਈ, ਪਟਾਕੇ ਅਤੇ ਪੂਜਾ ਦੀ ਸਮੱਗਰੀ ਖਰੀਦੀ। ਦੇਰ ਸ਼ਾਮ ਲੋਕਾਂ ਵਲੋਂ ਗੁਰਦੁਆਰਿਆਂ ਤੇ ਮੰਦਰਾਂ ਵਿਚ ਜਾ ਕੇ ਦੀਵੇ ਜਲਾਏ ’ਤੇ ਸੁੱਖ ਸ਼ਾਂਤੀ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਇਤਿਹਾਸਕ ਗੁਰਦੁਆਰਾ ਚਰਨ ਕੰਵਲ ਸਾਹਿਬ ਵਿਖੇ ਸ਼ਰਧਾਲੂ ਦਰਸ਼ਨਾਂ ਲਈ ਉਮੜੇ ਅਤੇ ਰਾਗੀ ਸਿੰਘਾਂ ਵਲੋਂ ਕੀਰਤਨ ਵੀ ਕੀਤਾ ਗਿਆ।
ਦੇਰ ਰਾਤ ਤਕ ਪਟਾਕੇ ਚਲਾ ਕੇ ਹੁਕਮਾਂ ਦੀ ਉਲੰਘਣਾ ਕੀਤੀ
ਲੁਧਿਆਣਾ: ਸੁਪਰੀਮ ਕੋਰਟ ਦੀਆਂ ਹਦਾਇਤਾਂ ਤਹਿਤ ਪੰਜਾਬ ਸਰਕਾਰ ਵਲੋਂ ਦੀਵਾਲੀ ਮੌਕੇ ਆਤਿਸ਼ਬਾਜ਼ੀ ਚਲਾਉਣ ਲਈ ਜਾਰੀ ਹੁਕਮਾਂ ਦੀਆਂ ਲੋਕਾਂ ਵਲੋਂ ਬੀਤੀ ਰਾਤ ਧੱਜੀਆਂ ਉਡਾਈਆਂ ਗਈਆਂ। ਪੁਲੀਸ ਕਮਿਸ਼ਨਰ ਵਲੋਂ ਬੇਸ਼ੱਕ ਹੁਕਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਵੱਖ ਵੱਖ ਥਾਣਿਆਂ ਦੇ ਮੁਖੀਆਂ ਨੂੰ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦੇ ਕੇ ਵਿਸ਼ੇਸ਼ ਟੀਮਾਂ ਦਾ ਗਠਨ ਵੀ ਕੀਤਾ ਗਿਆ ਸੀ ਇਸ ਦੇ ਬਾਵਜੂਦ ਲੋਕ ਦੇਰ ਰਾਤ ਤੱਕ ਆਤਿਸ਼ਬਾਜੀ ਚਲਾਉਂਦੇ ਰਹੇ। ਸਰਕਾਰੀ ਹੁਕਮਾਂ ਦੀ ਉਲੰਘਣਾ ਦੇ ਦੋਸ਼ ਤਹਿਤ ਨੌਂ ਥਾਣਿਆਂ ਦੀ ਪੁਲੀਸ ਵਲੋਂ ਕੇਸ ਦਰਜ ਕਰਕੇ ਕਾਗਜ਼ੀ ਕਾਰਵਾਈ ਕੀਤੀ ਗਈ। ਥਾਣਾ ਡਿਵੀਜ਼ਨ ਨੰਬਰ 2 ਦੀ ਪੁਲੀਸ ਨੇ ਈਸਾ ਨਗਰੀ ਪੁੱਲੀ ਨੇੜੇ, ਥਾਣਾ ਡਿਵੀਜ਼ਨ ਨੰਬਰ 3 ਦੀ ਪੁਲੀਸ ਨੇ ਵੀ ਥਾਣਾ ਦੇ ਏਰੀਆ ਵਿੱਚ, ਥਾਣਾ ਡਿਵੀਜ਼ਨ ਨੰਬਰ 4 ਦੀ ਪੁਲੀਸ ਵਲੋਂ ਵੀ ਥਾਣੇ ਦੇ ਕਈ ਇਲਾਕਿਆਂ ਵਿੱਚ, ਥਾਣਾ ਡੇਹਲੋਂ ਦੀ ਪੁਲੀਸ ਨੇ ਪਿੰਡ ਕਿਲਾ ਰਾਏਪੁਰ ਵਿੱਖੇ, ਥਾਣਾ ਸਾਹਨੇਵਾਲ ਦੀ ਪੁਲੀਸ ਨੇ ਪੁਰਾਣਾ ਸਾਹਨੇਵਾਲ ਬਜ਼ਾਰ ਵਿੱਚ, ਥਾਣਾ ਫੋਕਲ ਪੁਆਇੰਟ ਨੇ ਗੋਲ ਮਾਰਕੀਟ ਅਤੇ ਫੇਸ-1 ਫੋਕਲ ਪੁਆਇੰਟ ਵਿੱਚ, ਥਾਣਾ ਜਮਾਲਪੁਰ ਦੀ ਪੁਲੀਸ ਨੇ 33 ਫੁੱਟਾ ਰੋਡ ਨੇੜੇ ਸਬਜ਼ੀ ਮੰਡੀ ਰਾਮ ਨਗਰ ਅਤੇ ਥਾਣਾ ਮੋਤੀ ਨਗਰ ਦੀ ਪੁਲੀਸ ਨੇ ਸ਼ੇਰਪੁਰ ਕਲਾਂ ਵਿੱਖੇ ਸਰਕਾਰੀ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ਤਹਿਤ ਕੇਸ ਦਰਜ ਕੀਤੇ।