ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 1 ਨਵੰਬਰ
ਦੇਸ਼ ਭਰ ਵਿੱਚ ਹਿੰਦੂ ਅਤੇ ਸਿੱਖਾਂ ਵੱਲੋਂ ਚਾਅ ਨਾਲ ਮਨਾਏ ਜਾਂਦੇ ਬੰਦੀ ਛੋੜ੍ਹ ਦਿਵਸ ਅਤੇ ਦੀਵਾਲੀ ਦਾ ਤਿਉਹਾਰ ਇਸ ਵਾਰ ਪੰਜਾਬ ਦੇ ਕਿਸਾਨ ਅਤੇ ਛੋਟੇ ਵਪਾਰੀਆਂ ਦੇ ਪਰਿਵਾਰਾਂ ਲਈ ਫਿੱਕਾ ਹੀ ਰਿਹਾ। ਮੰਡੀਆਂ ਵਿੱਚ ਫਸਲ ਲੈ ਕੇ ਬੈਠੇ ਵੱਡੀ ਗਿਣਤੀ ਕਿਸਾਨਾਂ ਦੇ ਪਰਿਵਾਰਾਂ ਵਿੱਚ ਦੀਵਾਲੀ ਦਾ ਚਾਅ ਇਸ ਵਾਰ ਉਹ ਉਤਸਾਹ ਨਹੀਂ ਭਰ ਸਕਿਆ। ਹਾਲਾਂਕਿ ਬਾਜ਼ਾਰਾਂ ਵਿੱਚ ਰੋਸ਼ਨੀਆਂ ਸਨ, ਪਰ ਫਸਲ ਵਿਕਣ ਮਗਰੋਂ ਖੁਸ਼ੀ ਸਾਂਝੀ ਕਰਨ ਵਾਲੇ ਕਿਸਾਨ ਪਰਿਵਾਰ ਇਸ ਵਾਰ ਫ਼ਸਲ ਵਿਕਣ ਦੀ ਉਡੀਕ ਵਿੱਚ ਹੀ ਰਹੇ। ਇਹੀ ਕਾਰਨ ਹੈ ਕਿ ਬਾਜ਼ਾਰਾਂ ਵਿੱਚ ਛੋਟੇ ਵਪਾਰੀਆਂ ਦਾ ਕਾਰੋਬਾਰ ਵੀ ਇਸ ਵਾਰ ਮੱਠਾ ਹੀ ਰਿਹਾ, ਕਿਉਂਕਿ ਇਨ੍ਹਾਂ ਦੇ ਵਪਾਰ ਨੂੰ ਵੱਡਾ ਆਸਰਾ ਕਿਸਾਨ ਪਰਿਵਾਰਾਂ ਵੱਲੋਂ ਕੀਤੀ ਜਾਣ ਵਾਲੀ ਖਰੀਦਦਾਰੀ ਹੀ ਦਿੰਦੀ ਹੈ।
ਹਰ ਸਾਲ ਝੋਨੇ ਦੀ ਫ਼ਸਲ ਵਿਕਣ ਮਗਰੋਂ ਕਿਸਾਨ ਪੂਰੇ ਚਾਅ ਅਤੇ ਸ਼ਰਧਾ ਨਾਲ ਇਹ ਤਿਉਹਰ ਮਨਾਉਂਦੇ ਰਹੇ ਹਨ। ਇਸ ਵਾਰ ਕਿਸਾਨ ਵਰਗ ਦੇ ਇਹ ਚਾਅ ਅਧੂਰੇ ਹੀ ਰਹਿ ਗਏ। ਇਸ ਵਾਰ ਵੱਡੀ ਗਿਣਤੀ ਕਿਸਾਨਾਂ ਨੇ ਦੀਵਾਲੀ ਦੀ ਰਾਤ ਮੰਡੀ ’ਚ ਪਏ ਆਪਣੇ ਝੋਨੇ ਦੀ ਰਾਖੀ ਕਰਦਿਆਂ ਆਪਣੇ ਪਰਿਵਾਰਾਂ ਤੋਂ ਦੂਰ ਰਹਿ ਕੇ ਬਿਤਾਈ। ਸਰਕਾਰਾਂ ਦੀਆਂ ਨੀਤੀਆਂ ਤੋਂ ਦੁਖੀ ਕਿਸਾਨ ਅਮਨਦੀਪ ਸਿੰਘ, ਜਗਦੀਪ ਸਿੰਘ, ਜਗਦੇਵ ਸਿੰਘ ਤੇ ਹੋਰਨਾਂ ਨੇ ਇਸ ਮੌਕੇ ਭਰੇ ਮਨ ਨਾਲ ਆਖਿਆ ਕਿ ਅੰਨ ਪੈਦਾ ਕਰਕੇ ਦੇਸ਼ ਦਾ ਢਿੱਡ ਭਰਨ ਵਾਲਾ ਕਿਸਾਨ ਸਰਕਾਰਾਂ ਦੀਆਂ ਸੌੜੀਆਂ ਨੀਤੀਆਂ ’ਚ ਉਲਝਾ ਦਿੱਤਾ ਗਿਆ ਹੈ ਜਿਸ ਕਰ ਕੇ ਉਹ ਆਪਣਾ ਹਰਮਨ ਪਿਆਰਾ ਤਿਉਹਾਰ ਵੀ ਨਹੀਂ ਮਨਾ ਸਕਿਆ। ਉਨ੍ਹਾਂ ਦੱਸਿਆ ਕਿ ਉਹ ਪਿਛਲੇ 15 ਦਿਨਾਂ ਤੋਂ ਮੰਡੀਆਂ ’ਚ ਰੁੱਲ ਰਹੇ ਹਨ। ਇਸ ਦੌਰਾਨ ਜਿਥੇ ਉਨ੍ਹਾਂ ਦੇ ਤਿਉਹਾਰ ਫਿੱਕੇ ਲੰਘ ਰਹੇ ਹਨ ਉਥੇ ਹੀ ਅਗਲੀ ਫਸਲ ਦੀ ਬਿਜਾਈ ਦਾ ਸਮਾਂ ਵੀ ਪੱਛੜਦਾ ਜਾ ਰਿਹਾ ਹੈ, ਜਿਸ ਦਾ ਖਮਿਆਜ਼ਾ ਵੀ ਅਖੀਰ ਉਨ੍ਹਾਂ ਨੂੰ ਹੀ ਭੁਗਤਣਾ ਪਵੇਗਾ। ਦੀਵਾਲੀ ਸਮੇਂ ਫਿੱਕੇ ਰਹੇ ਵਿਉਪਾਰ ਬਾਰੇ ਸੁਮਿਤ ਗੋਇਲ ਨੇ ਆਖਿਆ ਕਿ ਪੰਜਾਬ ਦਾ ਹਰ ਤਿਉਹਾਰ ਕਿਸਾਨਾਂ ਦੀ ਫਸਲ ’ਤੇ ਨਿਰਭਰ ਹੈ ਜਦੋਂ ਕਿਸਾਨ ਵਰਗ ਨਿਰਾਸ਼ਾ ਦੇ ਆਲਮ ’ਚ ਹੁੰਦਾ ਹੈ ਤਾਂ ਵਿਉਪਾਰੀ ਵਰਗ ਵੀ ਘਾਟੇ ’ਚ ਚਲਾ ਜਾਂਦਾ ਹੈ। ਇਸ ਲਈ ਸਰਕਾਰਾਂ ਨੂੰ ਲੋਕਾਈ ਦੀ ਭਲਾਈ ਲਈ ਲਾਹੇਬੰਦ ਰਣਨੀਤੀ ਘੜਨੀ ਚਾਹੀਦੀ ਹੈ ਤਾਂ ਜੋ ਕਿਸਾਨ ਖੁਸ਼ਹਾਲ ਰਹਿਣ ਤੇ ਦੇਸ਼ ਖੁਸ਼ਹਾਲ ਹੋਵੇ।