ਖੇਤਰੀ ਪ੍ਰਤੀਨਿਧ
ਲੁਧਿਆਣਾ, 2 ਮਾਰਚ
ਪੰਜਾਬੀ ਸਾਹਿਤ ਅਕੈਡਮੀ, ਲੁਧਿਆਣਾ ਦੇ ਪ੍ਰਬੰਧਕੀ ਬੋਰਡ ਦੀ ਪਲੇਠੀ ਇਕੱਤਰਤਾ ਪੰਜਾਬੀ ਭਵਨ, ਲੁਧਿਆਣਾ ਵਿੱਚ ਅਕੈਡਮੀ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਦੀ ਪ੍ਰਧਾਨਗੀ ਹੇਠ ਹੋਈ। ਇਕੱਤਰਤਾ ਵਿੱਚ ਅਕੈਡਮੀ ਦੇ ਨਵ-ਨਿਯੁਕਤ ਅਹੁਦੇਦਾਰਾਂ ਅਤੇ ਪ੍ਰਬੰਧਕੀ ਬੋਰਡ ਦੇ ਮੈਂਬਰ ਸ਼ਾਮਲ ਹੋਏ। ਮੀਟਿੰਗ ਦੌਰਾਨ 2021 ਵਿਚ ਭਾਰਤੀ ਸਾਹਿਤ ਅਕੈਡਮੀ ਵੱਲੋਂ ਜਨਾਬ ਖ਼ਾਲਿਦ ਹੁਸੈਨ ਨੂੰ ਉਨ੍ਹਾਂ ਦੀ ਕਹਾਣੀਆਂ ਦੀ ਪੁਸਤਕ ‘ਸੂਲਾ ਦਾ ਸਾਲਣ’ ’ਤੇ ਪੁਰਸਕਾਰ ਦੇਣ ’ਤੇ ਅਕੈਡਮੀ ਵੱਲੋਂ ਵਧਾਈ ਦਿੱਤੀ ਗਈ ਅਤੇ ਪੰਜਾਬ ਕਲਾ ਪਰਿਸ਼ਦ ਵੱਲੋਂ ਸਾਹਿਤਕਾਰਾਂ, ਕਲਾ ਪ੍ਰੇਮੀਆਂ ਨੂੰ ਗੌਰਵ ਪੰਜਾਬ ਦਾ ਪੁਰਸਕਾਰ ਮਿਲਣ ’ਤੇ ਵਧਾਈ ਦਿੱਤੀ ਗਈ। ਅਕੈਡਮੀ ਦੇ ਪ੍ਰਧਾਨ ਡਾ. ਜੌਹਲ ਨੇ ਪ੍ਰਬੰਧਕੀ ਬੋਰਡ ਲਈ ਸਾਹਿਤ ਅਤੇ ਸਭਿਆਚਾਰ ਨਾਲ ਜੁੜੀਆਂ ਤਿੰਨ ਸ਼ਖ਼ਸੀਅਤਾਂ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਸਾਬਕਾ ਉਪ-ਕੁਲਪਤੀ ਡਾ. ਐੱਸਪੀ ਸਿੰਘ, ਰੋਜ਼ਾਨਾ ਪੰਜਾਬੀ ਅਖਬਾਰ ਤੋਂ ਸਤਨਾਮ ਮਾਣਕ, ਕਹਾਣੀ ਲੇਖਕ ਸੁਖਜੀਤ ਨੂੰ ਦੋ ਸਾਲ ਲਈ ਨਾਮਜ਼ਦ ਕੀਤਾ ਗਿਆ ਅਤੇ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ ਦੀ ਸਿਫ਼ਾਰਸ਼ ’ਤੇ ਪ੍ਰਬੰਧਕੀ ਬੋਰਡ ਨੇ ਸਰਬਸੰਮਤੀ ਨਾਲ ਤਿੰਨ ਸਕੱਤਰ ਡਾ. ਗੁਰਚਰਨ ਕੌਰ ਕੋਚਰ, ਬਲਦੇਵ ਸਿੰਘ ਝੱਜ, ਕੇ. ਸਾਧੂ ਸਿੰਘ ਨਾਮਜ਼ਦ ਕੀਤਾ ਗਿਆ। ਉਨ੍ਹਾਂ ਇਹ ਵੀ ਸੁਝਾਅ ਦਿੱਤਾ ਕਿ ਅਕਾਡਮੀ ਨੂੰ ਸਕੂਲਾਂ, ਕਾਲਜਾਂ ਅਤੇ ਪਿੰਡਾਂ ਵਿਚ ਪ੍ਰੋਗਰਾਮ ਕਰਕੇ ਲੋਕਾਂ ਨੂੰ ਨਾਲ ਜੋੜਨਾ ਚਾਹੀਦਾ ਹੈ। ਇਸ ਸਬੰਧ ਵਿਚ 19 ਮਾਰਚ ਨੂੰ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ‘ਪੰਜਾਬੀ ਮਾਤ ਭਾਸ਼ਾ ਮੇਲੇ’ ਦਾ ਆਯੋਜਿਨ ਕੀਤਾ ਜਾ ਰਿਹਾ ਹੈ। ਇਸ ਮੌਕੇ ਅਕਾਡਮੀ ਦੇ ਪ੍ਰਧਾਨ ਡਾ. ਜੌਹਲ ਨੇ ਅਕੈਡਮੀ ਨੂੰ ਇੱਕ ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦੇ ਨਾਲ ਨਾਲ ਇੱਕ ਲੱਖ ਰੁਪਏ ਦੇ ਹੋਰ ਖਰਚੇ ਨਾਲ ਅਕੈਡਮੀ ਵਿਚ ਸੀਸੀਟੀਵੀ ਕੈਮਰੇ ਲਗਵਾਉਣ ਦਾ ਸਹਿਯੋਗ ਦੇਣ ਦਾ ਐਲਾਨ ਕੀਤਾ।
ਸਾਹਿਤ ਸਭਾ ਮਾਛੀਵਾੜਾ ਦੀ ਮਾਸਿਕ ਇਕੱਤਰਤਾ
ਮਾਛੀਵਾੜਾ (ਪੱਤਰ ਪ੍ਰੇਰਕ): ਸਾਹਿਤ ਸਭਾ ਮਾਛੀਵਾੜਾ ਦੀ ਮਾਸਿਕ ਇਕੱਤਰਤਾ ਐੱਸਐੱਸਡੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਸਭਾ ਦੇ ਪ੍ਰਧਾਨ ਟੀ.ਲੋਚਨ ਦੀ ਪ੍ਰਧਾਨਗੀ ਵਿਚ ਹੋਈ। ਮੀਟਿੰਗ ’ਚ ਸਭ ਤੋਂ ਪਹਿਲਾਂ ਵੱਖ-ਵੱਖ ਸ਼ੋਕ ਮਤਿਆਂ ਰਾਹੀਂ ਲੋਕ ਗਾਇਕ ਅਮਰਜੀਤ ਗੁਰਦਾਸਪੁਰੀ ਅਤੇ ਅਵਤਾਰ ਸਿੰਘ ਉਟਾਲਾਂ ਦੇ ਭਤੀਜੇ ਤੇ ਭਰਜਾਈ ਹੋਰਾਂ ਦੇ ਅਕਾਲ ਚਲਾਣੇ ’ਤੇ ਦੁੱਖ ਪ੍ਰਗਟਾਇਆ ਗਿਆ। ਰਚਨਾਵਾਂ ਦੇ ਦੌਰ ਵਿਚ ਮਨਦੀਪ ਸਿੰਘ ਮਾਣਕੀ, ਦਲੀਪ ਸਿੰਘ ਪਾਹਵਾ ਨੇ ਕਵਿਤਾਵਾਂ ਸੁਣਾਈਆਂ। ਇਸ ਮੌਕੇ ਕਸ਼ਮੀਰ ਸਿੰਘ ਕਸ਼ਮੀਰ, ਲੇਖਕ ਰਘਬੀਰ ਸਿੰਘ ਭਰਤ, ਗੁਰਭਗਤ ਸਿੰਘ ਗਿੱਲ, ਸ਼ਾਇਰ ਟੀ. ਲੋਚਨ, ਸ਼ਾਇਰ ਨਿਰੰਜਨ ਸੂਖਮ ਹਾਜ਼ਰ ਸਨ। ਇਸ ਮੌਕੇ ਡਾ. ਅਮਰਜੀਤ ਸਿੰਘ ਸਹਿਗਲ, ਰਘਬੀਰ ਸਿੰਘ ਭਰਤ, ਦਲੀਪ ਸਿੰਘ ਪਾਹਵਾ, ਜਨਰਲ ਸਕੱਤਰ ਨਿਰੰਜਨ ਸੂਖਮ ਸ਼ਾਮਲ ਹੋਏ।